ਸੈਸਰਾ ਕਲਾਂ ‘ਚ ਤੇਜ਼ਧਾਰ ਹਥਿਆਰਾਂ ਨਾਲ ਔਰਤ ਦਾ ਕਤਲ, ਪੇਕੇ ਪਰਿਵਾਰ ਨੇ ਜਤਾਇਆ ਸ਼ੱਕ
ਗੁਰੂ ਕਾ ਬਾਗ: ਬੀਤੀ ਰਾਤ ਪੁਲਸ ਥਾਣਾ ਝੰਡੇਰ ਅਧੀਨ ਆਉਦੇ ਪਿੰਡ ਸੈਸਰਾ ਕਲਾਂ ਵਿਖੇ ਇਕ ਬਜ਼ੁਰਗ ਔਰਤ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਹੋ ਗਿਆ। ਇਸ ਘਟਨਾਂ ਸਬੰਧੀ ਥਾਣਾ ਝੰਡੇਰ ਦੇ ਐੱਸ. ਐੱਚ. ਓ ਸਤਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਮ੍ਰਿਤਕ ਔਰਤ ਦੇ ਭਰਾ ਦਾ ਫੋਨ ਆਇਆ ਸੀ ਕਿ ਉਸ ਦੀ ਭੈਣ ਅਮਰਜੀਤ ਕੌਰ (70 ਸਾਲ) ਪਤਨੀ ਚੰਨਣ ਸਿੰਘ ਵਾਸੀ ਪਿੰਡ ਸੈਸਰਾ ਕਲਾਂ ਦਾ ਕਤਲ ਹੋ ਗਿਆ ਹੈ। ਜਿਸ ‘ਤੇ ਉਨ੍ਹਾਂ ਵੱਲੋਂ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਕੇ ਵੇਖਿਆ ਕਿ ਔਰਤ ਦੇ ਗਲ ਤੇ ਛਾਤੀ ‘ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਹਨ ਜਿਸ ‘ਤੇ ਤੁਰੰਤ ਹੀ ਪੁਲਸ ਨੇ ਖੂਨ ਨਾਲ ਲਿਬੜੇ ਹੋਏ ਕਪੜਿਆਂ ਨੂੰ ਕਬਜ਼ੇ ਵਿਚ ਲੈ ਲਿਆ ਤੇ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਅਜਨਾਲਾ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ। ਪੁਲਸ ਨੇ ਕਿਹਾ ਕਿ ਪੋਸਟ ਮਾਰਟਮ ਦੀ ਰਿਪੋਰਟ ਆਉਣ ਉਪਰੰਤ ਹੀ ਅਗਲੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਉਧਰ ਮ੍ਰਿਤਕ ਔਰਤ ਅਮਰਜੀਤ ਕੌਰ ਦੇ ਭਰਾ ਮਹਿੰਦਰ ਸਿੰਘ ਬੱਲ ਵਾਸੀ ਪਿੰਡ ਬੱਲ ਸਚੰਦਰ ਥਾਣਾ ਰਾਜਾਸਾਂਸੀ ਨੇ ਪਰਿਵਾਰਿਕ ਮੈਬਰਾਂ ‘ਤੇ ਆਪਣੀ ਭੈਣ ਦਾ ਕਤਲ ਕੀਤੇ ਜਾਣ ਦਾ ਸ਼ੱਕ ਜਤਾਂਉਦਿਆਂ ਕਿਹਾ ਕਿ ਪੁਲਸ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰੇ।