ਜੇ ਗੁਰੂ ਦਾ ਇਨਸਾਫ਼ ਪੰਜਾਬ ਵਿਚ ਹੀ ਨਾ ਦਿਵਾ ਸਕੇ ਤਾਂ ਫਿਰ ਕਾਹਦੀਆਂ ਸਰਕਾਰਾਂ : ਭਗਵੰਤ ਮਾਨ

ਫਾਜ਼ਿਲਕਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਫਾਜ਼ਿਲਕਾ ਦੇ ਬੱਲੂਆਣਾ ਵਿਖੇ ਪੀਣ ਵਾਲੇ ਪਾਣੀ ਦੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਫਾਜ਼ਿਲਕਾ ਵਾਸੀਆਂ ਨੂੰ ਵੱਡੀ ਸੌਗਾਤ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ 578.28 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਉਥੇ ਹੀ ਇਸ ਦੌਰਾਨ ਉਨ੍ਹਾਂ ਬੇਅਦਬੀ ਦੇ ਮੁੱਦੇ ‘ਤੇ ਪਿਛਲੀਆਂ ਸਰਕਾਰਾਂ ‘ਤੇ ਵੀ ਸ਼ਬਦੀ ਹਮਲੇ ਕੀਤੇ। ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ‘ਤੇ ਭਗਵੰਤ ਮਾਨ ਨੇ ਬਾਦਲਾਂ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਨੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਵਾਈਆਂ। ਅਸੀਂ ਗੁਰੂ ਦਾ ਇਨਸਾਫ਼ ਦਿਵਾਵਾਂਗੇ। ਗਲੀਆਂ ਵਿਚ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਨੂੰ ਇਨ੍ਹਾਂ ਨੇ ਰੋਲਿਆ। ਭਗਵੰਤ ਮਾਨ ਨੇ ਕਿਹਾ ਕਿ ਮੈਂ ਕਹਿੰਦਾ ਹੁੰਦਾ ਸੀ ਕਿ ਕੋਈ ਗੱਲ ਨਹੀਂ ਇਥੇ ਦੇਰ ਹੈ ਹਨ੍ਹੇਰ ਨਹੀਂ, ਜੇ ਸਾਡੇ ਹੱਥ ਵਿਚ ਇਸਨਾਫ਼ ਦਾ ਪੈੱਨ ਆ ਗਿਆ ਤਾਂ ਗੁਰੂ ਦਾ ਇਨਸਾਫ਼ ਪੰਜਾਬ ਵਿਚ ਹੀ ਨਾ ਦਿਵਾ ਸਕੇ ਤਾਂ ਫਿਰ ਕਾਹਦੀਆਂ ਸਰਕਾਰਾਂ। ਇਨ੍ਹਾਂ ਤੋਂ ਲੁੱਟ ਦਾ ਹਰ ਹਿਸਾਬ ਲਿਆ ਜਾਵੇਗਾ। ਗੁਰੂ ਦੇ ਘਰ ਦੇਰ ਹੈ ਹਨ੍ਹੇਰ ਨਹੀਂ। ਸਾਡੇ ਗੁਰੂ ਦੀ ਬੇਅਦਬੀ ਦਾ ਇਨਸਾਫ਼ ਜ਼ਰੂਰ ਹੋਵੇਗਾ। ਹੁਣ ਤੱਕ ਗੁਰੂ ਦੀ ਬੇਅਦਬੀ ਦੇ ਦੋਖੀਆਂ ਨੇ ਸਿਰਫ਼ ਝੂਠ ਬੋਲਿਆ ਪਰ ਹੁਣ ਕੀਤੇ ਹੋਏ ਗੁਨਾਹਾਂ ਅਤੇ ਭ੍ਰਿਸ਼ਟਾਚਾਰ ਦਾ ਹਿਸਾਬ ਲਿਆ ਜਾਵੇਗਾ।
ਭਗਵੰਤ ਮਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਫਾਜ਼ਿਲਕਾ ਵਿਖੇ 700 ਕਿਲੋਮੀਟਰ ਦੀ ਪਾਈਪ ਲਾਈਨ ਵਿਛਾਈ ਜਾਵੇਗੀ, ਜਿਸ ਦੇ ਜ਼ਰੀਏ 122 ਪਿੰਡਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਪੰਜਾਬ ‘ਚ ਪੀਣ ਵਾਲੇ ਸਾਫ਼ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ। ਹੈਰਾਨੀ ਹੁੰਦੀ ਹੈ ਹੁਣ ਤੱਕ ਸਾਡੇ ਲੋਕਾਂ ਦੇ ਘਰਾਂ ‘ਚ ਪੀਣ ਵਾਲਾ ਪਾਣੀ ਤੱਕ ਨਹੀਂ ਪਹੁੰਚਿਆ। ਪੰਜਾਬ ਦਾ ਨਾਮ ਪਾਣੀਆਂ ‘ਤੇ ਹੈ ਪਰ ਸਾਡੇ ਕੋਲ ਤਾਂ ਧਰਤੀ ਹੇਠਾਂ ਵੀ ਪਾਣੀ ਨਹੀਂ ਬਚਿਆ। ਹੁਣ ਕੁਦਰਤ ਨੇ ਜ਼ਿੰਮੇਵਾਰੀ ਮੇਰੀ ਲਗਾਈ ਹੈ, ਇਹ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਂਗੇ। ਹੁਣ ਅਸੀਂ ਕਿਸਾਨ ਵੀਰਾਂ ਤੋਂ ਪੁੱਛ ਕੇ ਨਹਿਰਾਂ ‘ਚ ਪਾਣੀ ਅਤੇ ਖੇਤਾਂ ਦੀ ਬਿਜਲੀ ਦੇਵਾਂਗੇ। ਨਰਮਾ ਪੱਟੀ ਦੇ ਕਿਸਾਨਾਂ ਨੂੰ 1 ਅਪ੍ਰੈਲ ਤੋਂ ਨਹਿਰਾਂ ‘ਚ ਪਾਣੀ ਮਿਲੇਗਾ। ਅਸੀਂ ਕਿਸਾਨਾਂ ਦੀ ਖੱਜਲ-ਖੁਆਰੀ ਨੂੰ ਖ਼ਤਮ ਕਰਾਂਗੇ। ਪੰਜਾਬ ਦੀ ਧਰਤੀ ਜਿਸ ਦਾ ਨਾਮ ਪਾਣੀ ‘ਤੇ ਹੈ। ਸਾਡੀ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕੋਈ ਵੀ ਘਰ ਜਾਂ ਖੇਤ ਪਾਣੀ ਤੋਂ ਵਾਂਝਾ ਨਹੀਂ ਰਹੇਗਾ।
ਭਗਵੰਤ ਮਾਨ ਨੇ ਕਿਹਾ ਕਿ ‘ਸਰਕਾਰ ਤੁਹਾਡੇ ਦੁਆਰ’ ਨਾਂ ਦੀ ਸਕੀਮ ਚਲਾਈ ਗਈ ਹੈ, ਜਿਸ ਵਿਚ ਹਫ਼ਤੇ ਵਿਚ ਦੋ ਜਾਂ ਤਿੰਨ ਦਿਨ ਡਿਪਟੀ ਕਮਿਸ਼ਨਰ, ਐੱਸ. ਡੀ. ਐੱਮ. ਪਿੰਡਾਂ ਵਿਚ ਆਪਣੇ ਦਫ਼ਤਰ ਲਾਉਣਗੇ, ਜਿੱਥੇ ਲੋਕਾਂ ਦੀਆਂ ਰਜਿਸਟਰੀਆਂ, ਸਰਟੀਫਿਕੇਟ ਆਦਿ ਕੰਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹੁਣ ਬੁਢਾਪਾ ਪੈਨਸ਼ਨ ਲੈਣ ਵਾਲਿਆਂ ਨੂੰ ਵੀ ਲਾਈਨ ਵਿਚ ਲੱਗਣ ਦੀ ਲੋੜ ਨਹੀਂ ਹੋਵੇਗੀ, ਸਗੋਂ ਘਰ ਆ ਕੇ ਅਫ਼ਸਰਾਂ ਵੱਲੋਂ ਪੈਨਸ਼ਨ ਦਿੱਤੀ ਜਾਵੇਗੀ। ਪਿਛਲੀਆਂ ਸਰਕਾਰਾਂ ‘ਤੇ ਸ਼ਬਦੀ ਹਮਲੇ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦਾ ਕੰਮ ਸਿਰਫ਼ ਵੋਟਾਂ ਲੈਣਾ ਸੀ। ਹੁਣ 70 ਸਾਲ ਪੁਰਾਣੀਆਂ ਗੰਢਾਂ ਖੁੱਲ੍ਹ ਰਹੀਆਂ ਹਨ, ਭਾਵੇਂ ਥੋੜ੍ਹਾ ਸਮਾਂ ਲੱਗ ਰਿਹਾ ਹੈ ਪਰ 70 ਸਾਲ ਪੁਰਾਣੀਆਂ ਗੰਢਾਂ ਖੁੱਲ੍ਹਣ ਲੱਗੀਆਂ ਹਨ। ਹੁਣ ਪੈਸਾ ਲੁੱਟਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਕਿਉਂਕਿ ਕਾਨੂੰਨ ਸਭ ਦੇ ਲਈ ਇਕ ਹੈ।