ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾਉਣ ਵਾਲੇ ਪੰਜਾਬ ਅਤੇ ਪੰਜਾਬੀਅਤ ਦੇ ਵਾਰਿਸ ਨਹੀਂ ਹੋ ਸਕਦੇ: ਭਗਵੰਤ ਮਾਨ

ਚੰਡੀਗੜ੍ਹ : ਲੰਘੇ ਵੀਰਵਾਰ ਅਜਨਾਲਾ ਦੇ ਥਾਣੇ ’ਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਵਲੋਂ ਆਪਣੇ ਸਮਰਥਕਾਂ ਸਮੇਤ ਕੀਤੇ ਗਏ ਕਬਜ਼ੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਹਮਲਾ ਬੋਲਿਆ ਹੈ। ਮਾਨ ਨੇ ਕਿਹਾ ਕਿ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਥਾਣਿਆਂ ਤੱਕ ਲੈ ਕੇ ਜਾਣ ਵਾਲੇ ਕਿਸੇ ਵੀ ਪੱਖ ਤੋਂ ਪੰਜਾਬ ਅਤੇ ਪੰਜਾਬੀਅਤ ਦੇ ‘ਵਾਰਿਸ ’ ਅਖਵਾਉਣ ਦੇ ਕਾਬਿਲ ਨਹੀਂ ਹੋ ਸਕਦੇ। ਮਾਨ ਨੇ ਇਹ ਹਮਲਾ ਸਿੱਧੇ ਤੌਰ ’ਤੇ ਅੰਮ੍ਰਿਤਪਾਲ ਸਿੰਘ ’ਤੇ ਬੋਲਿਆ ਹੈ। ਮਾਨ ਨੇ ਸਾਫ ਆਖਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਵਿਚ ਅਜਨਾਲਾ ਥਾਣੇ ’ਤੇ ਹਮਲਾ ਬੋਲਿਆ ਹੈ ਅਤੇ ਜਿਹੜਾ ਗੁਰੂ ਸਾਹਿਬ ਨੂੰ ਢਾਲ ਬਣਾ ਕੇ ਅਜਿਹੀ ਕਾਰਵਾਈ ਨੂੰ ਅੰਜਾਮ ਦਿੰਦਾ ਹੈ ਉਹ ਪੰਜਾਬ ਦਾ ਵਾਰਿਸ ਨਹੀਂ ਹੋ ਸਕਦਾ।

ਕੀ ਹੈ ਮਾਮਲਾ

ਦੱਸਣਯੋਗ ਹੈ ਕਿ ਅਜਨਾਲਾ ਪੁਲਸ ਵਲੋਂ ਬੀਤੇ ਦਿਨੀਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਲਵਪ੍ਰੀਤ ਸਿੰਘ ਤੂਫਾਨ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਸ ਦੇ ਵਿਰੋਧ ਵਿਚ ਅੰਮ੍ਰਿਤਪਾਲ ਸਿੰਘ ਵਲੋਂ ਅਜਨਾਲਾ ਥਾਣੇ ਦਾ ਸਮਰਥਕਾਂ ਸਮੇਤ ਘਿਰਾਓ ਕੀਤਾ ਗਿਆ, ਇਸ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਥਾਣੇ ’ਤੇ ਕਬਜ਼ਾ ਵੀ ਕਰ ਲਿਆ। ਇਥੇ ਇਹ ਵੀ ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਵਲੋਂ ਥਾਣੇ ਦੇ ਘਿਰਾਓ ਮੌਕੇ ਪਾਲਕੀ ਸਾਹਿਬ ਨਾਲ ਲੈ ਕੇ ਜਾਣ ’ਤੇ ਚੁਫੇਰਿਓਂ ਉਨ੍ਹਾਂ ਦਾ ਵਿਰੋਧ ਹੋ ਰਿਹਾ ਹੈ। ਇਸ ਸਭ ਦੇ ਦਰਮਿਆਨ ਸ਼ੁੱਕਰਵਾਰ ਨੂੰ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਲਵਪ੍ਰੀਤ ਸਿੰਘ ਤੂਫਾਨ ਨੂੰ ਰਿਹਾਅ ਕਰ ਦਿੱਤਾ ਗਿਆ। ਰਿਹਾਅ ਹੋਣ ਤੋਂ ਬਾਅਦ ਲਵਪ੍ਰੀਤ ਸਿੰਘ ਤੂਫਾਨ ਨੇ ਕਿਹਾ ਕਿ ਸਿੱਖ ਕੌਮ ਨੂੰ ਇਕੱਠੇ ਹੋ ਕੇ ਰਹਿਣ ਦੀ ਲੋੜ ਹੈ। ਤੂਫਾਨ ਨੇ ਕਿਹਾ ਕਿ ਸਿੱਖ ਹੋਣ ਦੇ ਨਾਤੇ ਉਨ੍ਹਾਂ ਦਾ ਪੂਰਾ ਸਤਿਕਾਰ ਕੀਤਾ ਗਿਆ ਹੈ। ਇਸ ਲਈ ਉਹ ਸਾਰੇ ਪੁਲਸ ਅਫਸਰਾਂ ਦਾ ਧੰਨਵਾਦ ਕਰਦੇ ਹਨ।

ਡੀ. ਜੀ. ਪੀ. ਨੇ ਦਿੱਤੀ ਸੀ ਕਾਰਵਾਈ ਦੀ ਚਿਤਾਵਨੀ

ਅਜਨਾਲਾ ਥਾਣਾ ਝੜਪ ’ਤੇ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਸਖ਼ਤ ਐਕਸ਼ਨ ਲੈਣ ਦੀ ਗੱਲ ਆਖੀ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀ. ਜੀ. ਪੀ. ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਸ਼ਾਂਤੀ ਪੂਰਵਰਕ ਪ੍ਰਦਰਸ਼ਨ ਕਰਨ ਦੀ ਗੱਲ ਆਖੀ ਗਈ ਸੀ ਪਰ ਬਾਅਦ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਵਿਚ ਹਿੰਸਕ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਨੇ ਪੂਰੀ ਸੂਝ-ਬੂਝ ਤੋਂ ਕੰਮ ਲਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਣ ਮਰਿਆਦਾ ਕਾਇਮ ਰੱਖੀ। ਪੁਲਸ ਮੁਖੀ ਨੇ ਕਿਹਾ ਕਿ ਇਸ ਝੜਪ ਦੌਰਾਨ 6 ਪੁਲਸ ਮੁਲਾਜ਼ਮ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਪੁਲਸ ਮੁਲਾਜ਼ਮਾਂ ਦੇ ਬਿਆਨ ਦਰਜ ਕਰਕੇ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਡੀ. ਜੀ. ਪੀ. ਨੇ ਕਿਹਾ ਕਿ ਪੁਲਸ ਵਲੋਂ ਘਟਨਾ ਦੀ ਵੀਡੀਓਜ਼ ਵੀ ਦੇਖੀਆਂ ਜਾ ਰਹੀਆਂ ਹਨ, ਜਿਨ੍ਹਾਂ ਤੋਂ ਮੁਲਜ਼ਮਾਂ ਦੀ ਸ਼ਨਾਖਤ ਕੀਤੀ ਜਾਵੇਗੀ।

Leave a Reply