ਰਾਅ ਦੇ ਸਾਬਕਾ ਪ੍ਰਮੁੱਖ ਦੀ ਪੰਜਾਬ ’ਚ ਕੁਸ਼ਾਸਨ ਵਿਰੁੱਧ ਚਿਤਾਵਨੀ: ਸੂਬੇ ’ਚ ਦਿੱਲੀ ਤੋਂ ਨਹੀਂ ਚਲਾਈ ਜਾ ਸਕਦੀ ਹਕੂਮਤ
ਕੋਲਕਾਤਾ : ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਦੇ ਸਾਬਕਾ ਮੁਖੀ ਅਮਰਜੀਤ ਸਿੰਘ ਦੁਲਟ ਨੇ ਪੰਜਾਬ ਵਰਗੇ ‘ਸੰਵੇਦਨਸ਼ੀਲ ਸਰਹੱਦੀ ਸੂਬੇ’ ਵਿੱਚ ਕੁਸ਼ਾਸਨ ਵਿਰੁੱਧ ਚਿਤਾਵਨੀ ਦਿੱਤੀ ਹੈ ਅਤੇ ਜ਼ੋਰ ਦੇ ਕੇ ਕਿਹਾ ਹੈ ਕਿ ਇਸ ਸੂਬੇ ਵਿੱਚ ‘ਦਿੱਲੀ ਤੋਂ ਸ਼ਾਸਨ’ ਨਹੀਂ ਕੀਤਾ ਜਾ ਸਕਦਾ। ਸ੍ਰੀ ਦੁਲਟ ਨੇ ਹਾਲਾਂਕਿ ਕਿਹਾ ਕਿ ਉਨ੍ਹਾਂ ਨੇ ਪੰਜਾਬ ਵਿੱਚ ਮੁੜ ਅਤਿਵਾਦ ਦੇ ਉਭਾਰ ਦੀ ਭਵਿੱਖਬਾਣੀ ਨਹੀਂ ਕੀਤੀ ਪਰ ਜ਼ੋਰ ਦੇ ਕੇ ਕਿਹਾ ਕਿ ਸੂਬੇ ਪ੍ਰਤੀ “ਹਮਦਰਦੀ” ਭਰੇ ਰਵੱਈਏ ਦੀ ਲੋੜ ਹੈ। ਰਾਅ ਦੇ ਸਾਬਕਾ ਨਿਰਦੇਸ਼ਕ ਨੇ ਇੰਟਰਵਿਊ ਵਿੱਚ ਕਿਹਾ, ‘ਮੇਰਾ ਪੱਕਾ ਵਿਸ਼ਵਾਸ ਹੈ ਕਿ ਨਾ ਤਾਂ ਪੰਜਾਬ ਅਤੇ ਨਾ ਹੀ ਕਸ਼ਮੀਰ ’ਤੇ ਦਿੱਲੀ ਤੋਂ ਸ਼ਾਸਨ ਕੀਤਾ ਜਾ ਸਕਦਾ ਹੈ। ਲੋਕ ਇਸ ਤੋਂ ਨਾਰਾਜ਼ ਹਨ। ਭਾਵੇਂ ਭਗਵੰਤ ਮਾਨ ਇੱਕ ਚੰਗੇ ਵਿਅਕਤੀ ਹਨ, ਉਹ ਕਾਬਲ ਨਹੀਂ ਹਨ। ਅਰਵਿੰਦ ਕੇਜਰੀਵਾਲ (ਦਿੱਲੀ ਦੇ ਮੁੱਖ ਮੰਤਰੀ) ਪੰਜਾਬ ਨੂੰ ਨਹੀਂ ਚਲਾ ਸਕਦੇ।’