ਓਂਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਮੰਦਰਾਂ ‘ਤੇ ਹਮਲੇ ਦੀ ਨਿੰਦਾ, ਦੋਸ਼ੀਆਂ ਬਾਰੇ ਜਾਣਕਾਰੀ ਦੇਣ ਵਾਲੇ ਲਈ ਇਨਾਮ ਦਾ ਐਲਾਨ

ਓਂਟਾਰੀਓ ਗੁਰਦੁਆਰਾ ਕਮੇਟੀ (OGC) ਨੇ ਕੈਨੇਡਾ ਦੇ ਓਂਟਾਰੀਓ ਵਿੱਚ ਹਿੰਦੂ ਧਾਰਮਿਕ ਸਥਾਨਾਂ ‘ਤੇ ਹਾਲ ਹੀ ਦੇ ਮਹੀਨਿਆਂ ਦੌਰਾਨ ਕਥਿਤ ਤੌਰ ‘ਤੇ ਹੋਈ ਭੰਨਤੋੜ ਦੀਆਂ ਘਟਨਾਵਾਂ ਦੀ ਨਿੰਦਾ ਕੀਤੀ ਹੈ। ਕਮੇਟੀ ਨੇ ਓਂਟਾਰੀਓ ਵਿਖੇ ਮੰਦਰਾਂ ਦੀ ਭੰਨਤੋੜ ਲਈ ਜ਼ਿੰਮੇਵਾਰ ਸ਼ਾਮਲ ਅਪਰਾਧੀਆਂ ਦੀ ਗ੍ਰਿਫ਼ਤਾਰੀ ਵਿਚ ਮਦਦ ਦੇਣ ਵਾਲੇ ਲਈ 10,000 ਡਾਲਰ ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ। ਓ.ਜੀ.ਸੀ. ਨੇ ਪੂਜਾ ਸਥਲਾਂ ਦੀ ਭੰਨਤੋੜ ਸਬੰਧੀ ਕਿਸੇ ਵੀ ਵੀਡੀਓ ਨੂੰ ਜਨਤਕ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਂਦਾ ਜਾ ਸਕੇ। ਜ਼ਿਕਰਯੋਗ ਹੈ ਕਿ ਦੋ ਹਿੰਦੂਆਂ ਨੂੰ ਆਸਟ੍ਰੇਲੀਆ ਵਿਚ ਆਪਣੀ ਪੂਜਾ ਸਥਲਾਂ ਵਿਚ ਭੰਨਤੋੜ ਕਰਦਿਆਂ ਫੜਿਆ ਗਿਆ ਸੀ।

ਕੈਨੇਡਾ ਅਤੇ ਆਸਟ੍ਰੇਲੀਆ ਵਿੱਚ ਵਾਪਰੀਆਂ ਕੁਝ ਤਾਜ਼ਾ ਘਟਨਾਵਾਂ ਵਿੱਚ ਖਾਲਿਸਤਾਨ ਦੇ ਨਾਅਰਿਆਂ ਨੂੰ ਲਿਖਿਆ ਗਿਆ ਸੀ ਅਤੇ ਇਸ ਲਈ ਖਾਲਿਸਤਾਨ ਸਮਰਥਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਇਕ ਬਿਆਨ ਵਿਚ ਕਮੇਟੀ ਨੇ ਕੈਨੇਡਾ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵੀ ਕਿਹਾ ਕਿ ਉਹ ਅਪਰਾਧੀਆਂ ਨੂੰ ਸਜ਼ਾ ਦਿਵਾਉਣ ਲਈ ਤੇਜ਼ੀ ਨਾਲ ਘਟਨਾਵਾਂ ਦੀ ਜਾਂਚ ਕਰਨ। ਉਹਨਾਂ ਨੇ ਸਾਰੇ ਭਾਈਚਾਰਿਆਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਤਾਂ ਜੋ ਕੈਨੇਡਾ ਵਿਚ ਸਿੱਖ ਅਤੇ ਹਿੰਦੂ ਭਾਈਚਾਰਿਆਂ ਵਿਚਾਲੇ ਵਧਦੇ ਤਣਾਅ ਨੂੰ ਸੁਲਝਾਇਆ ਜਾ ਸਕੇ। ਓ.ਜੀ.ਸੀ. ਦੇ ਬਿਆਨ ਵਿਚ ਅੱਗੇ ਕਿਹਾ ਗਿਆ ਕਿ “ਹਾਲ ਹੀ ਦੇ ਮਹੀਨਿਆਂ ਵਿੱਚ ਓਟਾਵਾ ਦੇ ਸੰਸਦ ਮੈਂਬਰ ਚੰਦਰ ਆਰੀਆ ਨੇ ਬਿਨਾਂ ਕਿਸੇ ਸਬੂਤ ਦੇ ਸਿੱਖ ਭਾਈਚਾਰੇ ਨੂੰ ਦੋਸ਼ੀ ਠਹਿਰਾਉਂਦੇ ਹੋਏ ਬਰੈਂਪਟਨ ਵਿੱਚ ਭੰਨਤੋੜ ਦੀ ਕਾਰਵਾਈ ਬਾਰੇ ਟਵੀਟ ਕੀਤਾ ਅਤੇ ਬਾਅਦ ਵਿਚ ਇਸ ਟਵੀਟ ਨੂੰ ਪੀਲ ਰੀਜਨਲ ਪੁਲਸ ਨੇ ਖਾਰਿਜ ਕਰ ਦਿੱਤਾ ਕਿਉਂਕਿ ਅਜਿਹੀ ਘਟਨਾ ਨਹੀਂ ਹੋਈ ਸੀ। ਇਸੇ ਤਰ੍ਹਾਂ  ਦੋ ਹਿੰਦੂਆਂ ਨੂੰ ਆਸਟ੍ਰੇਲੀਆ ਵਿਚ ਆਪਣੀ ਪੂਜਾ ਸਥਲਾਂ ਵਿਚ ਭੰਨਤੋੜ ਕਰਦਿਆਂ ਫੜਿਆ ਗਿਆ ਸੀ।

ਓ.ਜੀ.ਸੀ. ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਨ੍ਹਾਂ ਘਟਨਾਵਾਂ ਵਿਚਲੀਆਂ ਸਮਾਨਤਾਵਾਂ ਕੈਨੇਡਾ ਵਿੱਚ ਸਿੱਖ ਕੌਮ ਦੇ ਅਕਸ ਨੂੰ ਖਰਾਬ ਕਰਨ ਲਈ ਇੱਕ ਪੈਟਰਨ ਬਣਾਉਂਦੀਆਂ ਹਨ। OGC ਨੇ ਅੱਗੇ ਕਿਹਾ ਕਿ “OGC ਅਤੇ ਸਿੱਖ ਭਾਈਚਾਰਾ ਵੱਡੇ ਪੱਧਰ ‘ਤੇ ਚਿੰਤਤ ਹੈ ਕਿ ਭਾਰਤੀ ਖੁਫੀਆ ਏਜੰਸੀਆਂ ਦੁਆਰਾ ਹਿੰਦੂਫੋਬੀਆ ਦੇ ਦੋਸ਼ਾਂ ਨੂੰ ਹਵਾ ਦੇ ਕੇ ਕੈਨੇਡਾ ਵਿੱਚ ਸਿੱਖ ਭਾਈਚਾਰੇ ਵਿੱਚ ਵਿਵਾਦ ਬੀਜਣ ਅਤੇ ਬਦਨਾਮ ਕਰਨ ਲਈ ਇਹ ਭੰਨਤੋੜ ਦੀਆਂ ਕਾਰਵਾਈਆਂ ਨੂੰ ਨਿਰਦੇਸ਼ਿਤ ਕੀਤਾ ਗਿਆ ਹੈ।  ਓ.ਜੀ.ਸੀ. ਦੇ ਬਿਆਨ ਵਿੱਚ ਅੱਗੇ ਕਿਹਾ ਗਿਆ ਕਿ ਓਂਟਾਰੀਓ ਗੁਰਦੁਆਰਾ ਕਮੇਟੀ ਅਤੇ ਸਿੱਖ ਭਾਈਚਾਰਾ ਹਿੰਦੂ ਧਾਰਮਿਕ ਅਸਥਾਨਾਂ ‘ਤੇ ਕਿਸੇ ਵੀ ਤਰ੍ਹਾਂ ਦੀ ਭੰਨਤੋੜ ਦੀ ਨਿੰਦਾ ਕਰਦਾ ਹੈ ਅਤੇ ਓਂਟਾਰੀਓ ਦੇ ਸਾਰੇ ਧਾਰਮਿਕ ਸਥਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਅਤੇ ਭੰਨਤੋੜ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਾ ਹੈ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਇਨ੍ਹਾਂ ਘਟਨਾਵਾਂ ਦੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ ਅਤੇ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।

Leave a Reply