ਚੋਰੀ ਦਾ ਸਾਮਾਨ ਵੰਡਣ ਨੂੰ ਲੈ ਕੇ ਹੋਇਆ ਝਗੜਾ, ਇਕ ਨੌਜਵਾਨ ਦਾ ਕਤਲ
ਸ਼ੇਰਪੁਰ: ਪਿੰਡ ਰਾਮਨਗਰ ਛੰਨਾ ਵਿਖੇ ਚੋਰੀ ਦੇ ਸਾਮਾਨ ਨੂੰ ਵੰਡਣ ਨੂੰ ਲੈ ਕੇ 2 ਵਿਅਕਤੀਆਂ ਵੱਲੋਂ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਭੈਣ ਹਰਜੀਤ ਕੌਰ ਪਤਨੀ ਮਹਿੰਦਰ ਸਿੰਘ ਵਾਸੀ ਗੰਡੇਵਾਲ ਵੱਲੋਂ ਥਾਣਾ ਸ਼ੇਰਪੁਰ ਵਿਖੇ ਦਰਜ ਕਰਵਾਏ ਬਿਆਨਾਂ ਅਨੁਸਾਰ ਸਵਰਣ ਸਿੰਘ ਉਰਫ ਸੋਮਾ ਜੋ ਕਿ ਇਕੱਲਾ ਰਹਿੰਦਾ ਸੀ ਅਕਸਰ ਉਸਨੂੰ ਮਿਲਣ ਆਉਂਦਾ ਰਹਿੰਦਾ ਸੀ ਪਰ ਪਿਛਲੇ ਤਿੰਨ ਦਿਨਾਂ ਤੋਂ ਉਹ ਮਿਲਣ ਨਹੀਂ ਆਇਆ , ਜਿਸ ਕਰ ਕੇ ਉਹ ਪਿੰਡ ਰਾਮਨਗਰ ਛੰਨਾ ਵਿਖੇ ਉਸਦਾ ਪਤਾ ਕਰਨ ਆਈ ਤਾਂ ਆ ਕੇ ਦੇਖਿਆ ਕਿ ਉਸਦਾ ਮੇਨ ਗੇਟ ਖੁੱਲ੍ਹਾ ਪਿਆ ਹੈ ਅਤੇ ਅੰਦਰ ਕਮਰੇ ਨੂੰ ਜਿੰਦਾ ਲੱਗਿਆ ਹੋਇਆ ਸੀ। ਕਮਰੇ ’ਚੋਂ ਬਦਬੂ ਆ ਰਹੀ ਸੀ।
ਉਸ ਨੇ ਦੱਸਿਆ ਕਿ ਉਸ ਦੇ ਭਰਾ ਦੀ ਦੋਸਤੀ ਸਤਨਾਮ ਸਿੰਘ ਉਰਫ ਸੱਤਾ ਅਤੇ ਸੁਖਚੈਨ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਰਾਮਨਗਰ ਛੰਨਾ ਨਾਲ ਸੀ, ਜੋ ਨਸ਼ਾ ਕਰਨ ਦੇ ਆਦੀ ਸਨ। ਹਰਜੀਤ ਕੌਰ ਨੇ ਦੱਸਿਆ ਕਿ ਉਸ ਨੂੰ ਪਤਾ ਲੱਗਾ ਕਿ ਇੰਨ੍ਹਾਂ ਨੇ ਰਲਕੇ ਪਿੰਡ ਦੇ ਕਿਸੇ ਘਰ ’ਚੋਂ ਚੋਰੀ ਕੀਤੀ ਸੀ ਅਤੇ ਚੋਰੀ ਦਾ ਸਾਮਾਨ ਵੰਡਣ ਸਮੇਂ ਆਪਸ ’ਚ ਲੜ ਪਏ ਜਿਸ ਕਰ ਕੇ ਸਤਨਾਮ ਸਿੰਘ ਅਤੇ ਸੁਖਚੈਨ ਸਿੰਘ ਨੇ ਮੇਰੇ ਭਰਾ ਸਵਰਣ ਸਿੰਘ ਦਾ ਸੱਟਾਂ ਮਾਰ ਕੇ ਕਤਲ ਕਰ ਦਿੱਤਾ। ਥਾਣਾ ਮੁਖੀ ਇੰਸ. ਅਮਰੀਕ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਭੈਣ ਦੇ ਬਿਆਨਾਂ ਦੇ ਆਧਾਰ ’ਤੇ ਦੋਵਾਂ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਕੁੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਧੂਰੀ ਵਿਖੇ ਭੇਜਿਆ ਗਿਆ ਹੈ।