ਔਰਤ ਦੀ ਪਟੀਸ਼ਨ ’ਤੇ ਹਾਈਕੋਰਟ ਨੇ ਸੁਣਾਇਆ ਫ਼ੈਸਲਾ, ਬੀਮਾ ਕੰਪਨੀ ਨੂੰ ਜਾਰੀ ਕੀਤੇ ਇਹ ਹੁਕਮ

ਮੁੰਬਈ: ਬੰਬੇ ਹਾਈ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਨਵਜੰਮੇ ਬੱਚੇ ਦਾ ਮਤਲਬ ਪੂਰੀ ਮਿਆਦ ਤੋਂ ਬਾਅਦ ਜਨਮੇ ਬੱਚੇ (ਫੁੱਲ-ਟਰਮ ਬੇਬੀ) ਅਤੇ ਸਮੇਂ ਤੋਂ ਪਹਿਲਾਂ ਜਨਮੇ ਬੱਚੇ (ਪ੍ਰੀ-ਟਰਮ ਬੇਬੀ) ਦੋਹਾਂ ਨਾਲ ਹੈ। ਇਸ ਦੇ ਨਾਲ ਹੀ ਅਦਾਲਤ ਨੇ ਬੀਮਾ ਕੰਪਨੀ ਨੂੰ ਨਿਰਦੇਸ਼ ਦਿੱਤਾ ਕਿ ਉਹ ਮੁੰਬਈ ਦੀ ਇਕ ਔਰਤ ਨੂੰ ਸਮੇਂ ਤੋਂ ਪਹਿਲਾਂ ਜਨਮੇ ਜੁੜਵਾਂ ਬੱਚਿਆਂ ਦੇ ਇਲਾਜ ‘ਤੇ ਖਰਚ ਕੀਤੇ ਗਏ 11 ਲੱਖ ਰੁਪਏ ਦਾ ਭੁਗਤਾਨ ਕਰੇ। ਜੱਜ ਗੌਤਮ ਪਟੇਲ ਅਤੇ ਜੱਜ ਨੀਲਾ ਗੋਖਲੇ ਦੀ ਬੈਂਚ ਨੇ ਨਿਊ ਇੰਡੀਆ ਬੀਮਾ ਕੰਪਨੀ ਨੂੰ ਇਹ ਵੀ ਨਿਰਦੇਸ਼ ਦਿੱਤਾ ਕਿ ਉਹ ਔਰਤ ਦੇ ਬੀਮਾ ਦਾਅਵੇ ਦਾ ਭੁਗਤਾਨ ਕਰਨ ਤੋਂ ਬਚਣ ਲਈ ਆਪਣੀ ਬੀਮਾ ਪਾਲਿਸੀ ਦੇ ਪ੍ਰਬੰਧਾਂ ਦੀ ਗਲਤ ਵਿਆਖਿਆ ਕਰਨ ਦੀ ਕੋਸ਼ਿਸ਼ ਲਈ ਉਸ ਨੂੰ 5 ਲੱਖ ਰੁਪਏ ਦੀ ਵਾਧੂ ਰਾਸ਼ੀ ਦਾ ਭੁਗਤਾਨ ਕਰੇ।

ਬੈਂਚ ਨੇ ਕਿਹਾ ਕਿ ਬੀਮਾ ਕੰਪਨੀ ਦਾ ਰੁਖ ਅਣਉੱਚਿਤ, ਅਨਿਆਂਪੂਰਨ ਅਤੇ ਬੀਮਾ ਪਾਲਿਸੀ ਦੀ ਮੌਲਿਕ ਸਦਭਾਵਨਾ ਅਤੇ ਨੈਤਿਕਤਾ ਦੇ ਉਲਟ ਸੀ। ਉਸ ਨੇ ਕਿਹਾ,”ਇਹ ਦਲੀਲਾਂ ਬੇਬੁਨਿਆਦ ਅਤੇ ਗੁੰਮਰਾਹ ਕਰਨ ਵਾਲੀਆਂ ਹਨ। ਇਨ੍ਹਾਂ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।” ਪੇਸ਼ੇ ਤੋਂ ਵਕੀਲ ਔਰਤ ਨੇ ਸਾਲ 2021 ‘ਚ ਉਸ ਸਮੇਂ ਬੰਬੇ ਹਾਈ ਕੋਰਟ ਦਾ ਰੁਖ ਕੀਤਾ ਸੀ, ਜਦੋਂ ਬੀਮਾ ਕੰਪਨੀ ਨੇ ਉਸ ਦੇ ਦਾਅਵਿਆਂ ਨੂੰ ਅਸਵੀਕਾਰ ਕਰ ਦਿੱਤਾ ਸੀ।ਉਦੋਂ ਬੀਮਾ ਕੰਪਨੀ ਨੇ ਕਿਹਾ ਸੀ ਕਿ ਪਾਲਿਸੀ ਦੇ ਦਾਇਰੇ ‘ਚ ਸਿਰਫ਼ ਉਹੀ ਨਵਜੰਮੇ ਬੱਚੇ ਆਉਂਦੇ ਹਨ, ਜੋ ਪੂਰੀ ਮਿਆਦ ‘ਚ ਪੈਦਾ ਹੋਏ ਹਨ, ਨਾ ਕਿ ਸਮੇਂ ਤੋਂ ਪਹਿਲੇ ਜਨਮ ਲੈਣ ਵਾਲੇ ਬੱਚੇ। ਬੰਬੇ ਹਾਈ ਕੋਰਟ ਨੇ ਆਪਣੀ ਵਿਵਸਥਾ ‘ਚ ਕਿਹਾ ਕਿ ਨਵਜੰਮੇ ਬੱਚੇ ਦਾ ਮਤਲਬ ਪੂਰੀ ਮਿਆਦ ਤੋਂ ਬਾਅਦ ਪੈਦੇ ਬੱਚੇ (ਫੁੱਲ-ਟਰਮ ਬੇਬੀ) ਅਤੇ ਸਮੇਂ ਤੋਂ ਪਹਿਲਾਂ ਜਨਮੇ ਬੱਚੇ (ਪ੍ਰੀ-ਟਰਮ ਬੇਬੀ) ਦੋਹਾਂ ਨਾਲ ਹੈ।

Leave a Reply