28 ਲੱਖ ਖ਼ਰਚ ਵਿਦੇਸ਼ ਭੇਜੀ ਪਤਨੀ, ਜਦੋਂ ਪਤੀ ਪੁੱਜਾ ਕੈਨੇਡਾ ਤਾਂ ਸੱਚ ਜਾਣ ਰਹਿ ਗਿਆ ਹੱਕਾ-ਬੱਕਾ

ਰੂਪਨਗਰ: ਕੁੜੀ ਨਾਲ ਫੇਸਬੁੱਕ ‘ਤੇ ਹੋਈ ਦੋਸਤੀ ਮਗਰੋਂ ਵਿਆਹ ਕਰਵਾ ਕੇ ਕੈਨੇਡਾ ਪਹੁੰਚੇ ਮੁੰਡੇ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਉਸਨੂੰ ਇਹ ਪਤਾ ਲੱਗਾ ਕਿ ਉਸਦੀ ਪਤਨੀ ਬਿਨਾਂ ਤਲਾਕ ਦਿੱਤੇ ਕਿਸੇ ਹੋਰ ਮੁੰਡੇ ਨਾਲ ਰਹਿ ਰਹੀ ਹੈ। ਵਿਆਹ ਦੇ ਨਾਂ ’ਤੇ ਮੁੰਡੇ ਨਾਲ ਹੋਈ ਇਸ ਠੱਗੀ ਦੇ ਮਾਮਲੇ ’ਚ ਸ੍ਰੀ ਚਮਕੌਰ ਸਾਹਿਬ ਪੁਲਸ ਨੇ ਕੈਨੇਡਾ ’ਚ ਰਹਿ ਰਹੀ ਕੁੜੀ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ।

ਪੁਲਸ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਸ਼ਿਕਾਇਤ ਕਰਤਾ ਹਰਮੇਸ਼ ਸਿੰਘ ਪੁੱਤਰ ਗੁਰਬਖਸ਼ ਸਿੰਘ ਨਿਵਾਸੀ ਟੱਪਰੀਆਂ ਅਮਰ ਸਿੰਘ,ਤਹਿਸੀਲ ਸ੍ਰੀ ਚਮਕੌਰ ਸਾਹਿਬ ਨੇ ਦੱਸਿਆ ਕਿ ਉਸਦੇ ਮੁੰਡੇ ਗੁਰਵਿੰਦਰ ਸਿੰਘ ਦੀ ਇੱਕ ਕੁੜੀ ਮੁਸਕਾਨ ਜੰਡੂ ਨਾਲ ਫੇਸਬੁੱਕ ’ਤੇ ਦੋਸਤੀ ਹੋ ਗਈ। ਕੁੜੀ ਨੇ ਕਿਹਾ ਕਿ ਮੇਰੇ ਆਈਲੈਟਸ ’ਚ 7.5 ਬੈਂਡ ਆਏ ਹਨ ਤੇ ਉਹ ਕੈਨੇਡਾ ਜਾਣਾ ਚਾਹੁੰਦੀ ਹੈ ਪਰ ਉਹ ਬਹੁਤ ਗ਼ਰੀਬ ਹਨ ਤੇ ਕੈਨੇਡਾ ਜਾਣ ਲਈ ਪੈਸੇ ਨਹੀਂ ਹਨ। ਜਿਸ ਮਗਰੋਂ ਉਨ੍ਹਾਂ ਦੀ ਮੁਸਕਾਨ ਨਾਲ ਵਿਆਹ ਦੀ ਗੱਲ ਚੱਲੀ ਤਾਂ 19 ਜਨਵਰੀ 2020 ਨੂੰ ਉਸਦੇ ਮੁੰਡੇ ਤੇ ਮੁਸਕਾਨ  ਦਾ ਵਿਆਹ ਪਾਰਕ ਪ੍ਰਾਈਮ ਹੋਟਲ ਮੋਰਿੰਡਾ ’ਚ ਹੋਇਆ। 17 ਜੂਨ 2022 ਨੂੰ ਵਿਆਹ ਰਜਿਸਟਰਡ ਹੋ ਗਿਆ। ਜਿਸ ਮਗਰੋਂ ਹਰਮੇਸ਼ ਸਿੰਘ ਦੇ ਪਰਿਵਾਰ ਨੇ ਕੁੜੀ ਮੁਸਕਾਨ ਨੂੰ ਕੈਨੇਡਾ ਭੇਜਣ ’ਤੇ ਕਰੀਬ 28 ਲੱਖ ਰੁਪਏ ਖ਼ਰਚੇ।

ਜਦੋਂ ਅਗਸਤ 2022 ਨੂੰ ਉਸਦਾ ਮੁੰਡਾ ਗੁਰਵਿੰਦਰ ਸਿੰਘ ਕੈਨੇਡਾ ਪੁੱਜਿਆ ਤਾਂ ਮੁਸਕਾਨ ਨੇ ਉਸ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਅਤੇ ਨਾ ਹੀ ਉਸਨੂੰ ਏਅਰਪੋਰਟ ਤੋਂ ਲੈਣ ਆਈ। ਮੁੰਡੇ ਨੂੰ ਪਤਾ ਲੱਗਾ ਕਿ ਮੁਸਕਾਨ ਬਿਨਾਂ ਉਸਨੂੰ ਤਲਾਕ ਦਿੱਤੇ ਕਿਸੇ ਅਮਜੀਤ ਹਸਾਸੀ ਨਾਮਕ ਵਿਅਕਤੀ ਨਾਲ ਰਹਿ ਰਹੀ ਹੈ। ਜਦੋਂ ਉਨਾਂ ਨੇ ਮੁਸਕਾਨ ਦੇ ਮਾਤਾ-ਪਿਤਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਗੁਰਵਿੰਦਰ ਨੂੰ ਬਹੁਤ ਮਾੜਾ-ਚੰਗਾ ਕਿਹਾ ਅਤੇ ਧਮਕੀ ਦਿੱਤੀ ਕਿ ਤੁਸੀਂ ਜੋ ਕਰਨਾ ਹੈ ਕਰ ਲਓ।

ਇਸ ਮਾਮਲੇ ’ਚ ਡੀ. ਐੱਸ. ਪੀ /ਸੀ.ਏ.ਡਬਲਿਊ ਵਲੋਂ ਕੀਤੀ ਗਈ ਜਾਂਚ ਤੋਂ ਬਾਅਦ ਪੁਲਸ ਨੇ ਮੁਲਜ਼ਮ ਮੁਸਕਾਨ ਜੰਡੂ ਪੁੱਤਰੀ ਤੇਜਿੰਦਰ ਸਿੰਘ, ਰਮਨਦੀਪ ਕੌਰ ਪਤਨੀ ਤੇਜਿੰਦਰ ਸਿੰਘ, ਤੇਜਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਨਿਵਾਸੀ ਸਤਜੋਤ ਨਗਰ ਢਾਡਰਾ ਰੋਡ ਦੁੱਗਰੀ ਜ਼ਿਲ੍ਹਾ ਲੁਧਿਆਣਾ ਦੇ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਕੀ ਹੈ।

Leave a Reply

error: Content is protected !!