ਫੀਫਾ ਚੈਂਪੀਅਨ ਅਰਜਨਟੀਨਾ ਦੀ ਟੀਮ ਨੂੰ ਮੇਸੀ ਦਾ ਤੋਹਫਾ, ਸਾਰਿਆਂ ਲਈ ਆਰਡਰ ਕੀਤੇ ਸੋਨੇ ਦੇ i Phone

ਫੀਫਾ ਵਿਸ਼ਵ ਕੱਪ 2022 ਜਿੱਤਣ ਵਾਲੇ ਕਪਤਾਨ ਲਿਓਨਿਲ ਮੇਸੀ ਨੇ ਆਪਣੀ ਚੈਂਪੀਅਨ ਟੀਮ ਅਰਜਨਟੀਨਾ ਨੂੰ ਖਾਸ ਤੋਹਫਾ ਦੇਣ ਦਾ ਫੈਸਲਾ ਕੀਤਾ ਹੈ। ਮੇਸੀ ਨੇ ਆਪਣੀ ਟੀਮ ਦੇ ਮੈਂਬਰਾਂ ਅਤੇ ਸਪੋਰਟ ਸਟਾਫ ਲਈ 35 ਸੋਨੇ ਦੇ ਆਈਫੋਨ ਆਰਡਰ ਕੀਤੇ ਸਨ। ਇਹ ਆਈਫੋਨ ਪੂਰੀ ਤਰ੍ਹਾਂ ਵਿਅਕਤੀਗਤ ਹਨ। ਮੀਡੀਆ ਰਿਪੋਰਟਾਂ ਮੁਤਾਬਕ ਅਰਜਨਟੀਨਾ ਦਾ ਕਪਤਾਨ ਸ਼ਨੀਵਾਰ ਨੂੰ ਉਨ੍ਹਾਂ ਨੂੰ ਪੈਰਿਸ ਦੇ ਆਪਣੇ ਅਪਾਰਟਮੈਂਟ ਲੈ ਗਿਆ ਸੀ। ਜ਼ਿਕਰਯੋਗ ਹੈ ਕਿ ਲਿਓਨਿਲ ਮੇਸੀ ਦੀ ਕਪਤਾਨੀ ਵਿੱਚ ਅਰਜਨਟੀਨਾ ਨੇ ਪਿਛਲੇ ਸਾਲ ਵਿਸ਼ਵ ਕੱਪ ਜਿੱਤਿਆ ਸੀ। ਇਸ ਜਿੱਤ ਨੇ ਮੇਸੀ ਨੂੰ ਬਹੁਤ ਭਾਵੁਕ ਕਰ ਦਿੱਤਾ, ਕਿਉਂਕਿ ਉਸ ਨੇ ਇਸ ਦੇ ਲਈ ਦੋ ਦਹਾਕਿਆਂ ਤੋਂ ਵੱਧ ਸਮਾਂ ਇੰਤਜ਼ਾਰ ਕੀਤਾ ਸੀ। ਦਰਅਸਲ ਇਹ 20 ਸਾਲਾਂ ਵਿੱਚ ਪਹਿਲੀ ਵਾਰ ਸੀ ਕਿ ਕਿਸੇ ਗੈਰ ਯੂਰਪੀਅਨ ਟੀਮ ਨੇ ਵਿਸ਼ਵ ਕੱਪ ਜਿੱਤਿਆ ਹੈ।

ਮੇਸੀ ਇਸ ਜਿੱਤ ਤੋਂ ਇੰਨੇ ਖੁਸ਼ ਹਨ ਕਿ ਉਨ੍ਹਾਂ ਨੇ ਜੇਤੂ ਟੀਮ ਦੇ ਮੈਂਬਰਾਂ ਨੂੰ ਇਹ ਖਾਸ ਤੋਹਫਾ ਦੇਣ ਦਾ ਫੈਸਲਾ ਕੀਤਾ ਹੈ। ‘ਦਿ ਸਨ’ ਦੀ ਰਿਪੋਰਟ ਮੁਤਾਬਕ ਆਈਫੋਨ ਦੀ ਕੀਮਤ 175,000 ਪੌਂਡ (ਕਰੀਬ 1.73 ਕਰੋੜ ਰੁਪਏ) ਹੈ। ਰਿਪੋਰਟ ‘ਚ ਇਕ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ, “ਲਿਓਨਿਲ ਆਪਣੇ ਸਭ ਤੋਂ ਮਾਣਮੱਤੇ ਪਲ ਦਾ ਜਸ਼ਨ ਮਨਾਉਣ ਲਈ ਕੁਝ ਕਰਨਾ ਚਾਹੁੰਦਾ ਸੀ, ਪਰ ਘੜੀਆਂ ਵਰਗਾ ਸਾਧਾਰਨ ਤੋਹਫਾ ਨਹੀਂ ਚਾਹੁੰਦਾ ਸੀ। ਇਸ ਦੇ ਲਈ ਉਹ ਉਦਯੋਗਪਤੀ ਬੇਨ ਲਿਓਨ ਨਾਲ ਜੁੜਿਆ ਅਤੇ ਉਨ੍ਹਾਂ ਨੇ ਮਿਲ ਕੇ ਇਸ ਵਿਚਾਰ ਬਾਰੇ ਸੋਚਿਆ।”

ਰਿਪੋਰਟਾਂ ਵਿੱਚ ਅੱਗੇ ਦੱਸਿਆ ਗਿਆ ਹੈ ਕਿ ਹਰੇਕ ਆਈਫੋਨ ਵਿੱਚ ਹਰੇਕ ਖਿਡਾਰੀ ਦਾ ਨਾਂ ਅਤੇ ਅਰਜਨਟੀਨਾ ਦਾ ਲੋਗੋ ਹੈ। ਆਈਫੋਨ ਦੇ ਪਿਛਲੇ ਪਾਸੇ ਹਰੇਕ ਖਿਡਾਰੀ ਦਾ ਨਾਂ ਅਤੇ ਉਨ੍ਹਾਂ ਦੀ ਜਰਸੀ ਨੰਬਰ ਹੈ। ਸਾਰੇ ਆਈਫੋਨ ‘ਤੇ ਵਿਸ਼ਵ ਚੈਂਪੀਅਨ ਵੀ ਲਿਖਿਆ ਹੋਇਆ ਹੈ। ਇਸ ਫੋਨ ਨੂੰ iDesign ਦੁਆਰਾ ਡਿਜ਼ਾਈਨ ਕੀਤਾ ਗਿਆ ਹੈ। iDesign ਦੇ ਸੀਈਓ ਨੇ ਮੇਸੀ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਉਹ ਬਹੁਤ ਚੰਗੇ ਗਾਹਕਾਂ ਵਿੱਚੋਂ ਇੱਕ ਹੈ। ਉਸ ਨੇ ਅੱਗੇ ਕਿਹਾ ਕਿ ਵਿਸ਼ਵ ਕੱਪ ਫਾਈਨਲ ਤੋਂ ਕੁਝ ਮਹੀਨਿਆਂ ਬਾਅਦ ਮੇਸੀ ਨੇ ਸਾਡੇ ਨਾਲ ਸੰਪਰਕ ਕੀਤਾ ਸੀ।

Leave a Reply