ਗੋਇੰਦਵਾਲ ਤੋਂ ਬਾਅਦ ਹੁਣ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ‘ਚ ਹੋਈ ਖ਼ੂਨੀ ਝੜਪ, ਆਪਸ ‘ਚ ਭਿੜੀਆਂ ਕੈਦੀ ਔਰਤਾਂ

ਫਿਰੋਜ਼ਪੁਰ: ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਔਰਤਾਂ ਦੀ ਆਪਸ ਵਿੱਚ ਲੜਾਈ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਵਿੱਚ ਇਕ ਹਵਾਲਾਤੀ ਅਤੇ ਇਕ ਕੈਦੀ ਔਰਤ ਜ਼ਖ਼ਮੀ ਹੋ ਗਈਆਂ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ।

ਹਸਪਤਾਲ ’ਚ ਇਲਾਜ ਲਈ ਦਾਖ਼ਲ ਹਵਾਲਾਤੀ ਔਰਤ ਨੇ ਦੱਸਿਆ ਕਿ ਉਹ ਪਿਛਲੇ ਡੇਢ ਸਾਲ ਤੋਂ ਜੇਲ੍ਹ ’ਚ ਬੰਦ ਹੈ ਅਤੇ ਉਸ ਨੇ ਕੈਦੀ ਔਰਤ ਸੁਮਿੱਤਰਾ ’ਤੇ ਨਸ਼ਾ ਵੇਚਣ ਦੇ ਗੰਭੀਰ ਦੋਸ਼ ਲਗਾਏ ਸਨ, ਜਿਸ ਕਾਰਨ ਉਸ ਨੇ ਅਤੇ ਉਸ ਦੀਆਂ 10 ਸਾਥੀ ਔਰਤਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਹਮਲੇ ਵਿੱਚ ਉਸ ਦੇ ਅੰਦਰੂਨੀ ਸੱਟਾਂ ਲੱਗੀਆਂ ਹਨ ਅਤੇ ਕੰਨ ’ਤੇ ਵੀ ਸੱਟ ਲੱਗੀ ਹੈ।

ਦੂਜੇ ਪਾਸੇ ਜੇਲ੍ਹ ’ਚ ਬੰਦ ਕੈਦੀ ਸੁਮਿੱਤਰਾ ਰਾਣੀ ਨੇ ਆਪਣਾ ਪੱਖ ਦਿੰਦਿਆਂ ਦੋਸ਼ ਲਗਾਇਆ ਹੈ ਕਿ ਪਾਲੋ ਖ਼ੁਦ ਨਸ਼ਾ ਕਰਦੀ ਹੈ, ਜਿਸ ਨੂੰ ਜੇਲ੍ਹ ਹਸਪਤਾਲ ’ਚੋਂ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ। ਉਸ ਨੇ ਦੋਸ਼ ਲਗਾਇਆ ਕਿ ਹਵਾਲਾਤੀ ਪਾਲੋ ਨੇ ਉਸ ਦੇ ਕੰਨ ’ਚੋਂ ਸੋਨੇ ਦੀ ਮੁੰਦਰੀ ਖੋਹ ਲਈ ਸੀ, ਜਿਸ ਨਾਲ ਉਹ ਜ਼ਖ਼ਮੀ ਹੋ ਗਈ ਸੀ ਅਤੇ ਜਦੋਂ ਉਸ ਨੇ ਪਾਲੋ ਤੋਂ ਆਪਣੀ ‘ਵਾਲੀ’ ਮੰਗੀ ਤਾਂ ਪਾਲੋ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਵੱਲੋਂ ਦੋਵੇਂ ਜ਼ਖ਼ਮੀ ਔਰਤਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Leave a Reply