G20 ਵਿਦੇਸ਼ ਮੰਤਰੀਆਂ ਦੀ ਬੈਠਕ ‘ਚ PM ਮੋਦੀ ਬੋਲੇ, ਗਲੋਬਲ ਚੁਣੌਤੀਆਂ ‘ਤੇ ਇਕਜੁੱਟ ਹੋਣਾ ਜ਼ਰੂਰੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ G20 ਦੇਸ਼ਾਂ ਤੋਂ ਗਲੋਬਲ ਚੁਣੌਤੀਆਂ ‘ਤੇ ਆਮ ਸਹਿਮਤੀ ਬਣਾਉਣ ਅਤੇ ਭੂ-ਰਾਜਨੀਤਕ ਤਣਾਅ ‘ਤੇ ਮਤਭੇਦਾਂ ਨੂੰ ਸਮੁੱਚੇ ਸਹਿਯੋਗ ਨੂੰ ਪ੍ਰਭਾਵਿਤ ਨਾ ਹੋਣ ਦੇਣ ਦੀ ਅਪੀਲ ਕੀਤੀ। ਯੂਕਰੇਨ ਅਤੇ ਰੂਸ ਵਿਚਾਲੇ ਜਾਰੀ ਯੁੱਧ ਦੇ ਸਬੰਧ ‘ਚ ਦੇਸ਼ਾਂ ਦੇ ਵੱਖ-ਵੱਖ ਰੁਖ਼ ਦਰਮਿਆਨ ਪ੍ਰਧਾਨ ਮੰਤਰੀ ਨੇ ਇਹ ਬਿਆਨ ਦਿੱਤਾ। G20 ਦੇ ਵਿਦੇਸ਼ ਮੰਤਰੀਆਂ ਦੀ ਬੈਠਕ ‘ਚ ਆਪਣੇ ਵੀਡੀਓ ਸੰਦੇਸ਼ ‘ਚ ਪ੍ਰਧਾਨ ਮੰਤਰੀ ਮੋਦੀ ਨੇ ਬੁੱਧ ਅਤੇ ਮਹਾਤਮਾ ਗਾਂਧੀ ਦਾ ਜ਼ਿਕਰ ਕੀਤਾ ਅਤੇ ਨੁਮਾਇੰਦਿਆਂ ਨੂੰ ਬੇਨਤੀ ਕੀਤੀ ਕਿ ਉਹ ਭਾਰਤ ਦੀ ਸਭਿਅਤਾ ਦੇ ਸਿਧਾਂਤਾਂ ਤੋਂ ਪ੍ਰੇਰਨਾ ਲੈਣ ਜੋ ਵੰਡਣ ਦੀ ਬਜਾਏ ਇਕਜੁੱਟ ਕਰਨ ਵਾਲੇ ਮੁੱਦਿਆਂ ‘ਤੇ ਧਿਆਨ ਦੇਣ ਲਈ ਪ੍ਰੇਰਿਤ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਯੂਕਰੇਨ ਜਾਂ ਹੋਰ ਕਿਸੇ ਵਿਵਾਦਪੂਰਨ ਮੁੱਦੇ ਦਾ ਜ਼ਿਕਰ ਕੀਤੇ ਬਿਨਾਂ ਕਿਹਾ ਕਿ G20 ‘ਚ ਇਨ੍ਹਾਂ ਸਾਰੇ ਖੇਤਰਾਂ ‘ਚ ਆਮ ਸਹਿਮਤੀ ਬਣਾਉਣ ਅਤੇ ਠੋਸ ਨਤੀਜੇ ਦੇਣ ਦੀ ਸਮਰੱਥਾ ਹੈ। ਅਸੀਂ ਜਿਨ੍ਹਾਂ ਮੁੱਦਿਆਂ ਨੂੰ ਹੱਲ ਕਰ ਸਕਦੇ ਹਾਂ। ਉਨ੍ਹਾਂ ਨੂੰ ਉਨ੍ਹਾਂ ਮਾਮਲਿਆਂ ‘ਚ ਅੜਿੱਕਾ ਨਹੀਂ ਬਣਨ ਦੇਣਾ ਚਾਹੀਦਾ ਜੋ ਅਸੀਂ ਹੱਲ ਕਰ ਸਕਦੇ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਤੁਸੀਂ ਬੁੱਧ ਅਤੇ ਗਾਂਧੀ ਦੀ ਧਰਤੀ ‘ਤੇ ਇਕੱਠੇ ਹੋਏ ਹੋ, ਮੈਂ ਤੁਹਾਨੂੰ ਭਾਰਤ ਦੀ ਸੱਭਿਅਤਾ ਦੇ ਸਿਧਾਂਤ ਤੋਂ ਪ੍ਰੇਰਨਾ ਲੈਣ ਦੀ ਬੇਨਤੀ ਕਰਦਾ ਹਾਂ, ਜੋ ਸਾਨੂੰ ਉਨ੍ਹਾਂ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕਰਨ ਲਈ ਪ੍ਰੇਰਿਤ ਕਰਦਾ ਹੈ ਜੋ ਸਾਨੂੰ ਵੰਡਣ ਦੀ ਬਜਾਏ ਇਕਜੁੱਟ ਕਰਦੇ ਹਨ।
ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ, ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ, ਚੀਨ ਦੇ ਵਿਦੇਸ਼ ਮੰਤਰੀ ਕਿਨ ਗਾਂਗ, ਬ੍ਰਿਟੇਨ ਦੇ ਮੰਤਰੀ ਜੇਮਸ ਕਲੇਵਰਲੀ ਅਤੇ ਵਿਦੇਸ਼ ਮਾਮਲਿਆਂ ਬਾਰੇ ਯੂਰਪੀ ਸੰਘ ਦੇ ਉੱਚ ਪ੍ਰਤੀਨਿਧੀ ਜੋਸੇਪ ਬੋਰੇਲ ਫੋਂਟੇਸ ਵਿਦੇਸ਼ ਮੰਤਰੀ ਜੈਸ਼ੰਕਰ ਦੀ ਪ੍ਰਧਾਨਗੀ ‘ਚ ਹੋ ਰਹੀ ਇਸ ਬੈਠਕ ‘ਚ ਹਿੱਸਾ ਲੈ ਰਹੇ ਹਨ।