ਬਜਟ ਸੈਸ਼ਨ ਦੌਰਾਨ ਕਾਂਗਰਸ ਨੇ ਸਰਕਾਰ ਨੂੰ ਘੇਰਣ ਦੀ ਖਿੱਚੀ ਤਿਆਰੀ, ਹਮਲਾਵਰ ਰਣਨੀਤੀ ਕੀਤੀ ਤੈਅ
ਜਲੰਧਰ: ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਖ਼ੂਬ ਹੰਗਾਮਾ ਹੋਇਆ। ਵਿਧਾਨ ਸਭਾ ਦੇ ਪਹਿਲੇ ਦਿਨ ਰਾਜਪਾਲ ਦੇ ਭਾਸ਼ਣ ਦੌਰਾਨ ਹੀ ਕਾਂਗਰਸ ਨੇ ਵਾਕਆਊਟ ਕਰਕੇ ਆਪਣੇ ਤੇਵਰ ਵਿਖਾ ਦਿੱਤੇ ਹਨ। ਖ਼ਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ, ਕਾਨੂੰਨ ਵਿਵਸਥਾ ਨੂੰ ਲੈ ਕੇ ਕਾਂਗਰਸ ਨੇ ਪੰਜਾਬ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਰੱਖੀ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਸ਼ਬਦਾਂ ਅਨੁਸਾਰ ਸਦਨ ਵਿਚ ਧੱਜੀਆਂ ਉਡਾ ਦੇਣਗੇ। ਸਦਨ ‘ਚ ਪਾਰਟੀ ਦੀ ਹਮਲਾਵਰ ਰਣਨੀਤੀ ਲਈ ਕਾਂਗਰਸ ਵਿਧਾਇਕ ਦਲ ਨੇ ਸੋਮਵਾਰ ਨੂੰ ਵਿਧਾਨ ਸਭਾ ਦੀ ਬੈਠਕ ਤੋਂ ਪਹਿਲਾਂ ਕਾਂਗਰਸ ਵਿਧਾਇਕ ਦਲ ਦੀ ਬੈਠਕ ਬੁਲਾਈ ਹੈ।
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪਹਿਲੇ ਦਿਨ ਕਾਂਗਰਸ ਨੇ ਰਾਜਪਾਲ ਅਤੇ ਮੁੱਖ ਮੰਤਰੀ ਵਿਚਾਲੇ ਚੱਲ ਰਹੀ ਤਕਰਾਰ ਦਾ ਮੁੱਦਾ ਚੁੱਕ ਕੇ ਸਰਕਾਰ ਨੂੰ ਬੈਕਫੁੱਟ ‘ਤੇ ਖੜ੍ਹਾ ਕਰ ਦਿੱਤਾ ਹੈ। ਰਾਜਪਾਲ ਅਤੇ ਮੁੱਖ ਮੰਤਰੀ ਦੇ ਸੰਬੰਧਾਂ ਬਾਰੇ ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਾਂ ਤਾਂ ਮੁੱਖ ਮੰਤਰੀ ਰਾਜਪਾਲ ਨੂੰ ਵੱਡਾ ਮੰਨਣ ਜਾਂ ਸਪਸ਼ਟੀਕਰਨ ਦੇਣ।