ਸ੍ਰੀ ਕੀਰਤਪੁਰ ਸਾਹਿਬ ਵਿਖੇ ਖ਼ਾਲਸਾਈ ਜਾਹੋ-ਜਲਾਲ ਨਾਲ ਹੋਲਾ-ਮਹੱਲਾ ਜੋੜ ਮੇਲ ਸ਼ੁਰੂ

ਸ੍ਰੀ ਕੀਰਤਪੁਰ ਸਾਹਿਬ: ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ 6 ਰੋਜ਼ਾ ਕੌਮੀ ਤਿਊਹਾਰ ਹੋਲਾ-ਮਹੱਲਾ ਜੋੜ ਮੇਲ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਅੱਜ ਸ੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਅਰੰਭ ਕਰਨ ਦੇ ਨਾਲ, ‘ਬੋਲੋ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਹੋ ਗਈ ਹੈ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਅਰਦਾਸ ਕਰਦੇ ਹੋਏ ਮੇਲੇ ਦੀ ਚੜ੍ਹਦੀ ਕਲਾ ਅਤੇ ਸੁੱਖ ਸਾਂਤੀ ਦੀ ਕਾਮਨਾ ਕੀਤੀ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਨਤਮਸਤਕ ਹੋਈਆਂ ਅਤੇ ਉਨ੍ਹਾਂ ਵੱਲੋਂ ਗੁਰਮਤਿ ਸਮਾਗਮ ਵਿੱਚ ਸ਼ਿਰਕਤ ਕੀਤੀ ਗਈ। ਦੱਸਣਯੋਗ ਹੈ ਕਿ 3 ਮਾਰਚ ਤੋਂ 5 ਮਾਰਚ ਤੱਕ ਹੋਲੇ-ਮਹੱਲੇ ਦਾ ਪਹਿਲਾ ਪੜਾਅ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ‘ਤੇ ਮਨਾਇਆ ਜਾਵੇਗਾ। ਅੱਜ ਆਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਦੇ ਭੋਗ 5 ਮਾਰਚ ਨੂੰ ਪਾਏ ਜਾਣਗੇ ਉਪਰੰਤ ਹੋਲੇ-ਮਹੱਲੇ ਦਾ ਦੂਜਾ ਪੜਾਅ 6 ਮਾਰਚ ਤੋਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਸ਼ੁਰੂ ਹੋਵੇਗਾ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਹੋਲਾ-ਮਹੱਲਾ ਮੇਲੇ ਦੇ ਇਤਿਹਾਸ ‘ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਨੂੰ ਵੱਖਰੀ ਪਛਾਣ ਦੇਣ ਅਤੇ ਜਬਰ ਜ਼ੁਲਮ ਖ਼ਿਲਾਫ਼ ਲੜਨ ਲਈ ਸੰਨ 1699 ਈ. ਨੂੰ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ ਅਤੇ ਸਿੰਘਾਂ ਵਿਚ ਵੀਰ ਰਸ ਪੈਦਾ ਕਰਨ ਲਈ, ਜ਼ੁਲਮ ਦਾ ਨਾਸ਼ ਕਰਨ ਲਈ ਹੋਲੀ ਦੇ ਤਿਉਹਾਰ ਤੋਂ ਵੱਖਰੀ ਪਛਾਣ ਦੇਣ ਲਈ ਸੰਨ 1701 ਈ. ਵਿਚ ਹੋਲਾ-ਮਹੱਲਾ ਮੇਲੇ ਦੀ ਸ਼ੁਰੂਆਤ ਕਰਦੇ ਹੋਏ ਸਿੰਘਾਂ ਨੂੰ ਯੁੱਧ ਕਲਾ ਵਿਚ ਨਿਪੁੰਨ ਕਰਨ ਲਈ ਸ਼ਾਸਤਰ ਬਾਜੀ, ਘੋੜਸਵਾਰੀ, ਨੇਜ਼ੇਬਾਜ਼ੀ ਆਦਿ ਦੇ ਮੁਕਾਬਲੇ ਸ਼ੁਰੂ ਕਰਵਾਏ।
ਉਸੇ ਪਰੰਪਰਾ ਨੂੰ ਅੱਗੇ ਤੋਰਦੇ ਹੋਏ ਸਿੰਘਾਂ ਵੱਲੋਂ ਹਰ ਸਾਲ 6 ਰੋਜ਼ਾ ਹੋਲਾ-ਮਹੱਲਾ ਮੇਲਾ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਸ੍ਰੀ ਕੀਰਤਪੁਰ ਸਾਹਿਬ ਵਿਖੇ ਮੇਲੇ ਦਾ ਪਹਿਲਾ ਪੜਾਅ ਅੱਜ ਤੋਂ ਸ਼ੁਰੂ ਹੋ ਕੇ 5 ਮਾਰਚ ਤੱਕ ਚੱਲੇਗਾ। ਉਪਰੰਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਮੇਲੇ ਦਾ ਦੂਜਾ ਪੜਾਅ ਅਰੰਭ ਹੋ ਜਾਵੇਗਾ ਅਤੇ ਮੇਲੇ ਦੀ ਸਮਾਪਤੀ 8 ਮਾਰਚ ਨੂੰ ਹੋਵੇਗੀ।

PunjabKesari

ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਮੇਲੇ ਵਿਚ ਵੱਧ ਚੜ੍ਹ ਕੇ ਹਿੱਸਾ ਲੈ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ। ਉਨ੍ਹਾਂ ਨੌਜਵਾਨ ਵਰਗ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਮੇਲੇ ਵਿਚ ਮੋਟਰ ਸਾਈਕਲਾਂ ਦੇ ਸਲੈਂਸਰ ਖੋਲ੍ਹ ਕੇ ਪਟਾਕੇ ਨਾ ਚਲਾਏ ਜਾਣ, ਟਰੈਕਟਰਾਂ ‘ਤੇ ਡੀ. ਜੇ. ‘ਤੇ ਉੱਚੀ ਅਵਾਜ਼ ਵਿਚ ਗੀਤ ਨਾ ਲਗਾਏ ਜਾਣ ਅਤੇ ਟਰੈਕਟਰਾਂ ‘ਤੇ ਕਲਾਬਾਜ਼ੀਆਂ ਹੁੱਲੜਬਾਜੀ ਕਰਨ ਦੀ ਬਜਾਏ ਇਕ ਗੁਰੂ ਦੇ ਸੱਚੇ ਸਿੱਖ ਦੀ ਤਰ੍ਹਾਂ ਮੇਲੇ ਵਿਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ। ਇਸ ਮੌਕੇ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੌਮੀ ਤਿਉਹਾਰ ਹੋਲਾ-ਮਹੱਲਾ ਦੀ ਸ਼ੁਰੂਆਤ ਮੌਕੇ ਜਿੱਥੇ ਸੰਗਤਾਂ ਨੂੰ ਮੁਬਾਰਕਾਂ ਦਿੱਤੀਆਂ, ਉੱਥੇ ਹੀ ਉਨ੍ਹਾਂ ਵੀ ਸੰਗਤਾਂ ਨੂੰ ਵੱਧ ਚੜ੍ਹ ਕੇ ਇਨ੍ਹਾਂ ਪ੍ਰੋਗਰਾਮਾਂ ਦੇ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : ਬਜਟ ਸੈਸ਼ਨ ਦੌਰਾਨ ਕਾਂਗਰਸ ਨੇ ਸਰਕਾਰ ਨੂੰ ਘੇਰਣ ਦੀ ਖਿੱਚੀ ਤਿਆਰੀ, ਹਮਲਾਵਰ ਰਣਨੀਤੀ ਕੀਤੀ ਤੈਅ

ਇਸ ਮੌਕੇ ਭਾਈ ਅਮਰਜੀਤ ਸਿੰਘ ਚਾਵਲਾ, ਗੁਰਦੀਪ ਸਿੰਘ ਕੰਗ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਹਰਦੇਵ ਸਿੰਘ ਹੈਪੀ ਐਡੀਸ਼ਨਲ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗਿਆਨੀ ਜੋਗਿੰਦਰ ਸਿੰਘ ਹੈੱਡ ਗ੍ਰੰਥੀ ਤਖਤ ਸ੍ਰੀ ਕੇਸਗੜ੍ਹ ਸਾਹਿਬ, ਗੁਰਿੰਦਰ ਸਿੰਘ ਗੋਗੀ, ਸੰਦੀਪ ਸਿੰਘ ਕਲੋਤਾ ਮੈਨੇਜਰ ਗੁਰਦੁਆਰਾ ਪਤਾਲਪੁਰੀ ਸਾਹਿਬ, ਭਾਈ ਨਿਰਮਲ ਸਿੰਘ ਗ੍ਰੰਥੀ ਗੁਰਦੁਆਰਾ ਪਤਾਲਪੁਰੀ ਸਾਹਿਬ, ਤੇਜਵੀਰ ਸਿੰਘ ਜਗੀਰਦਾਰ ਐੱਮ. ਸੀ. ਆਦਿ ਸਮੇਤ ਭਾਰੀ ਤਦਾਦ ਵਿਚ ਸੰਗਤਾਂ ਹਾਜ਼ਰ ਸਨ।

Leave a Reply