ਵਿਧਾਨ ਸਭਾ ‘ਚ ਹੰਗਾਮਾ, ਰਾਜਪਾਲ ਵੱਲੋਂ ਭਾਸ਼ਣ ਦੌਰਾਨ ‘ਮੇਰੀ ਸਰਕਾਰ’ ਕਹਿਣ ਤੋਂ ਔਖੇ ਹੋਏ ਕਾਂਗਰਸੀ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਸ਼ੁਰੂ ਹੋ ਗਿਆ ਹੈ। ਇਸ ਦੀ ਸ਼ੁਰੂਆਤ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਭਾਸ਼ਣ ਅਤੇ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇ ਕੇ ਕੀਤੀ ਗਈ। ਬਜਟ ਦਾ ਪਹਿਲਾ ਦਿਨ ਹੀ ਹੰਗਾਮੇ ਭਰਿਆ ਰਿਹਾ। ਭਾਸ਼ਣ ਦੀ ਸ਼ੁਰੂਆਤ ਦੌਰਾਨ ਬਨਵਾਰੀ ਲਾਲ ਪੁਰੋਹਿਤ ਨੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ, ਜਿਸ ਵਿੱਚ ਉਨ੍ਹਾਂ ਨੇ ਸਿੰਗਾਪੁਰ ਭੇਜੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲਾਂ ਦੇ ਪਹਿਲਾ ਬੈਚ ਨੂੰ ਵੀ ਸਰਕਾਰ ਦੀ ਪ੍ਰਾਪਤੀ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ‘ਮੇਰੀ ਸਰਕਾਰ’ ਸਿੰਗਾਪੁਰ ਭੇਜੇ ਪ੍ਰਿੰਸੀਪਲਾਂ ਸਬੰਧੀ ਮੈਨੂੰ ਜਾਣਕਾਰੀ ਜ਼ਰੂਰ ਦੇਵੇਗੀ।
ਪ੍ਰਤਾਪ ਬਾਜਵਾ ਨੇ ਕਿਹਾ ਕਿ ਗਵਰਨਰ ਨੇ ਕਿਹਾ ਕਿ ਮੇਰੀ ਸਰਕਾਰ ਪਰ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨੂੰ ਆਪਣਾ ਰਾਜਪਾਲ ਤਾਂ ਮੰਨ ਲੈਣ। ਕਿਉਂਕਿ ਰਾਜਪਾਲ ਨੇ ਮੁੱਖ ਮੰਤਰੀ ਮਾਨ ਨੂੰ ਭੇਜੇ ਪੱਤਰ ‘ਚ 5 ਸਵਾਲ ਪੁੱਛੇ ਸਨ ਪਰ ਮੁੱਖ ਮੰਤਰੀ ਨੇ ਉਸਦਾ ਕੋਈ ਜਵਾਬ ਨਹੀਂ ਦਿੱਤਾ ਅਤੇ ਉਹ ਰਾਜਪਾਲ ਨੂੰ ਆਪਣਾ ਗਵਰਨਰ ਨਹੀਂ ਮੰਨਦੇ। ਸੰਵਿਧਾਨ ਦੇ ਮੁਤਾਬਕ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਰਾਜਪਾਲ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੇਵੇ। ਉਨ੍ਹਾਂ ਆਖਿਆ ਕਿ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਰਾਜਪਾਲ ਨੇ ਮੌਜੂਦਾ ਸਰਕਾਰ ਨੂੰ ਆਪਣੀ ਸਰਕਾਰ ਮੰਨਣ ਤੋਂ ਇਨਕਾਰ ਕੀਤਾ ਹੈ। ਜਦੋਂ ਕਾਂਗਰਸੀ ਵਿਧਾਇਕਾਂ ਨੇ ਹੰਗਾਮਾ ਕਰਨਾ ਸ਼ੁਰੂ ਕੀਤਾ ਤਾਂ ਰਾਜਪਾਲ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਉਹ ਚੁੱਪ ਕਰ ਜਾਣ ਤੇ ਉਨ੍ਹਾਂ ਨੂੰ ਭਾਸ਼ਣ ਪੂਰਾ ਕਰਨ ਦੇਣ। ਭਾਸ਼ਣ ਪੂਰਾ ਹੋਣ ਤੋਂ ਬਾਅਦ ਉਹ ਆਪਣੇ ਮੁੱਦੇ ਚੁੱਕ ਸਕਦੇ ਹਨ ਪਰ ਕਾਂਗਰਸੀ ਵਿਧਾਇਕ ਨੇ ਗੱਲ ਨਾ ਮੰਨਦੇ ਹੋਏ ਵਿਧਾਨ ਸਭਾ ‘ਚੋਂ ਵਾਕਆਊਟ ਕੀਤਾ।