ਔਰਤਾਂ ਦੇ ਖ਼ਾਤੇ ‘ਚ ਹਰ ਮਹੀਨੇ ਆਉਣਗੇ ਹਜ਼ਾਰ-ਹਜ਼ਾਰ ਰੁਪਏ, ਇਸ ਸੂਬੇ ‘ਚ ਅੱਜ ਤੋਂ ਸ਼ੁਰੂ ਹੋਵੇਗੀ ਯੋਜਨਾ
ਭੋਪਾਲ: ਵਿਧਾਨ ਸਭਾ ਚੋਣਾਂ ਤੋਂ ਕੁੱਝ ਦੇਰ ਪਹਿਲਾਂ ਭਾਜਪਾ ਸਰਕਾਰ ਔਰਤਾਂ ਨੂੰ 1000-1000 ਰੁਪਏ ਦੀ ਮਹੀਨਾਵਾਰ ਸਹਾਇਤਾ ਦੇਣ ਜਾ ਰਹੀ ਹੈ। ਮੱਧ ਪ੍ਰਦੇਸ਼ ਵਿਚ ਚੋਣਾਂ ਤੋਂ ਕੁੱਝ ਮਹੀਨੇ ਪਹਿਲਾਂ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਐਤਵਾਰ ਤੋਂ ‘ਲਾਡਲੀ ਭੈਣ ਯੋਜਨਾ’ ਸ਼ੁਰੂ ਕਰਨ ਵਾਲੀ ਜਾ ਰਹੀ ਹੈ ਜਿਸ ਤਹਿਤ ਯੋਗ ਔਰਤਾਂ ਨੂੰ 1 ਹਜ਼ਾਰ ਰੁਪਏ ਦੀ ਮਹੀਨਾਵਾਰ ਸਹਾਇਤਾ ਦਿੱਤੀ ਜਾਵੇਗੀ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ਹਿਰੀ ਤੇ ਪੇਂਡੂ ਇਲਾਕਿਆਂ ਵਿਚ ਘੱਟੋ-ਘੱਟ ਇਕ ਲੱਖ ਔਰਤਾਂ ਦੇ ਭੋਪਾਲ ਦੇ ਜੰਬੂਰੀ ਮੈਦਾਨ ਵਿਚ ਹੋਣ ਵਾਲੇ ਪ੍ਰੋਗਰਾਮ ਵਿਚ ਸਾਮਲ ਹੋਣ ਦੀ ਸੰਭਾਵਨਾ ਹੈ।
ਪਿਛਲੀਆਂ ਚੋਣਾਂ ਵਿਚ ਕਾਂਗਰਸ 15 ਸਾਲ ਦੇ ਵਕਫ਼ੇ ਤੋਂ ਬਾਅਦ ਸੱਤਾ ਵਿਚ ਆਈ ਸੀ, ਪਰ ਜਿਓਤੀਰਾਦਿੱਤਿਆ ਸਿੰਧੀਆ ਦੇ ਨਾਲ 22 ਵਿਧਾਇਕਾਂ ਨੇ ਕਾਂਗਰਸ ਦਾ ਸਾਥ ਛੱਡ ਦਿੱਤਾ ਜਿਸ ਨਾਲ ਕਮਲਨਾਥ ਦੀ ਅਗਵਾਈ ਵਾਲੀ ਸਰਕਾਰ ਡਿੱਗ ਗਈ। ਸੂਬੇ ਦੇ ਵਿੱਤ ਮੰਤਰੀ ਜਗਦੀਸ਼ ਦੇਵੜਾ ਵਿਚ ਇਕ ਮਾਰਚ ਨੂੰ ਵਿਧਾਨ ਸਭਾ ਵਿਚ ਸੂਬੇ ਦਾ ਬਜਟ 2023-24 ਪੇਸ਼ ਕਰਦੇ ਹੋਏ ਕਿਹਾ ਸੀ, “ਸਰਕਾਰ ਨੇ ਮੁੱਖ ਮੰਤਰੀ ਲਾਡਲੀ ਭੈਣ ਯੋਜਨਾ ਤਹਿਤ 8 ਹਜ਼ਾਰ ਕਰੋੜ ਰੁਪਏ ਰੱਖੇ ਹਨ ਜਿਸ ਤਹਿਤ ਔਰਤਾਂ ਨੂੰ ਕੁੱਝ ਸ਼ਰਤਾਂ ਦੇ ਨਾਲ 1 ਹਜ਼ਾਰ ਰੁਪਏ ਪ੍ਰਤੀ ਮਹੀਨੇ ਵਿੱਤੀ ਸਹਾਇਤਾ ਦਿੱਤੀ ਜਾਵੇਗੀ।”
ਅਧਿਕਾਰੀਆਂ ਨੇ ਕਿਹਾ ਕਿ ਸਰਕਾਰ 5 ਮਾਰਚ ਤੋਂ ਮਹਿਲਾ ਲਾਭਪਾਤਰੀਆਂ ਤੋਂ ਬੇਨਤੀਆਂ ਲੈਣੀਆਂ ਸ਼ੁਰੂ ਕਰੇਗੀ, ਮਾਰਚ ਅਪ੍ਰੈਲ ਤਕ ਇਹ ਕੰਮ ਪੂਰਾ ਹੋ ਜਾਵੇਗਾ। 10 ਜੂਨ ਤਕ ਲਾਭਪਾਤਰੀਆਂ ਨੂੰ ਆਰਥਿਕ ਸਹਾਇਤਾ ਮਿਲਣੀ ਸ਼ੁਰੂ ਹੋ ਜਾਵੇਗੀ। ਅਧਿਕਾਰੀਆਂ ਨੇ ਕਿਹਾ ਕਿ ਜਿਨ੍ਹਾਂ ਔਰਤਾਂ ਦੀ ਪਰਿਵਾਰਕ ਆਮਦਨ 2.5 ਲੱਖ ਰੁਪਏ ਪ੍ਰਤੀ ਸਾਲ ਤੋਂ ਘੱਟ ਹੈ, ਉਨ੍ਹਾਂ ਨੂੰ ਲਾਡਲੀ ਭੈਣ ਯੋਜਨਾ ਦਾ ਫਾਇਦਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸੂਬੇ ਵਿਚ 2,60,23,733 ਮਹਿਲਾ ਵੋਟਰ ਹਨ। ਮੱਧ ਪ੍ਰਦੇਸ਼ ਦੀਆਂ ਕੁੱਲ੍ਹ 230 ਵਿਧਾਨਸਭਾ ਸੀਟਾਂ ‘ਚੋਂ 18 ਹਲਕਿਆਂ ਵਿਚ ਮਹਿਲਾ ਵੋਟਰਾਂ ਦੀ ਗਿਣਤੀ ਪੁਰਸ਼ ਵੋਟਰਾਂ ਤੋਂ ਵੱਧ ਹੈ, ਜਿਨ੍ਹਾਂ ਵਿਚ ਆਦਿਵਾਸੀ ਬਹੁਮਤ ਵਾਲੇ ਬਾਲਾਘਾਟ, ਮੰਡਲਾ, ਡਿੰਡੋਰੀ, ਅਲੀਰਾਜਪੁਰ ਤੇ ਝਾਬੂਆ ਜ਼ਿਲ੍ਹੇ ਵਿਚ ਸ਼ਾਮਲ ਹਨ। ਅੰਦਾਜ਼ੇ ਮੁਤਾਬਕ 13.39 ਲੱਖ ਨਵੇਂ ਵੋਟਰਾਂ ‘ਚ 7.07 ਲੱਖ ਔਰਤਾਂ ਹਨ।