WPL, MI vs GG : ਮੁੰਬਈ ਨੇ ਗੁਜਰਾਤ ਨੂੰ 143 ਦੌੜਾਂ ਨਾਲ ਹਰਾਇਆ
ਨਵੀਂ ਦਿੱਲੀ: ਮਹਿਲਾ ਪ੍ਰੀਮੀਅਰ ਲੀਗ (ਡਬਲਿਊ. ਪੀ. ਐੱਲ.) ਦੇ ਸ਼ੁਰੂਆਤੀ ਸੈਸ਼ਨ ਦੇ ਪਹਿਲੇ ਮੈਚ ‘ਚ ਮੁੰਬਈ ਇੰਡੀਅਨਜ਼ ਨੇ ਗੁਜਰਾਤ ਜਾਇੰਟਸ ਨੂੰ 143 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਇੰਡੀਅਨਜ਼ ਨੇ 208 ਦੌੜਾਂ ਦਾ ਟੀਚਾ ਦਿੱਤਾ ਗਿਆ, ਜਿਸ ਦੇ ਜਵਾਬ ‘ਚ ਗੁਜਰਾਤ ਜਾਇੰਟਸ ਦੀ ਟੀਮ 15.1 ਓਵਰਾਂ ‘ਚ 64 ਦੌੜਾਂ ‘ਤੇ ਸਿਮਟ ਗਈ।
ਇਸ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਨੇ 20 ਓਵਰਾਂ ‘ਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 207 ਦੌੜਾਂ ਬਣਾਈਆਂ ਸਨ। ਮੁੰਬਈ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਸਲਾਮੀ ਬੱਲੇਬਾਜ਼ ਯਸਤਿਕਾ ਭਾਟੀਆ ਸਿਰਫ਼ 1 ਦੌੜ ਬਣਾ ਕੇ ਆਊਟ ਹੋ ਗਈ। ਨੈਟ ਸਾਈਬਰ ਬਰੰਟ ਅਤੇ ਹਾਰਲੇ ਮੈਥਿਊਜ਼ ਨੇ ਫਿਰ ਪਾਰੀ ਨੂੰ ਸੰਭਾਲਿਆ। ਬਰੰਟ ਨੇ 18 ਗੇਂਦਾਂ ਵਿੱਚ 23 ਦੌੜਾਂ ਬਣਾਈਆਂ ਜਦਕਿ ਮੈਥਿਊਜ਼ ਨੇ 31 ਗੇਂਦਾਂ ਵਿੱਚ 47 ਦੌੜਾਂ ਬਣਾਈਆਂ। ਚੌਥੇ ਨੰਬਰ ‘ਤੇ ਆਈ ਕਪਤਾਨ ਹਰਮਨਪ੍ਰੀਤ ਨੇ ਧਮਾਕੇਦਾਰ ਪਾਰੀ ਖੇਡ ਕੇ ਟੀਮ ਦੇ ਸਕੋਰ ਨੂੰ 150 ਤੋਂ ਪਾਰ ਪਹੁੰਚਾਇਆ। ਉਸ ਨੇ 30 ਗੇਂਦਾਂ ਵਿੱਚ 14 ਚੌਕਿਆਂ ਦੀ ਮਦਦ ਨਾਲ 65 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਅਮੇਲੀਆ ਕੇਰ ਅਤੇ ਪੂਜਾ ਵਸਤਰਾਕਰ ਨੇ ਪਾਰੀ ਨੂੰ ਅੱਗੇ ਵਧਾਇਆ।
ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਟੀਮ ਦੇ ਸਕੋਰ ਨੂੰ 200 ਤੋਂ ਪਾਰ ਪਹੁੰਚਾਇਆ। ਹਾਲਾਂਕਿ ਪੂਜਾ 8 ਗੇਂਦਾਂ ‘ਚ 15 ਦੌੜਾਂ ਬਣਾ ਕੇ ਆਊਟ ਹੋ ਗਈ। ਅਮੇਲੀਆ ਕੇਰ ਨੇ 24 ਗੇਂਦਾਂ ‘ਤੇ ਨਾਬਾਦ 45 ਦੌੜਾਂ ਦੀ ਪਾਰੀ ਖੇਡੀ। ਅੰਤ ਵਿੱਚ, ਇਸੀ ਵੋਂਗ ਨੇ ਇੱਕ ਛੱਕਾ ਲਗਾ ਕੇ ਪਾਰੀ ਦਾ ਅੰਤ ਕੀਤਾ। ਗੁਜਰਾਤ ਜਾਇੰਟਸ ਲਈ ਸਨੇਹ ਰਾਣਾ ਨੇ ਦੋ ਵਿਕਟਾਂ ਲਈਆਂ ਜਦਕਿ ਐਸ਼ਲੇ ਗਾਰਡਨਰ, ਤੁੰਜਾ ਕੰਵਰ ਅਤੇ ਜਾਰਜੀਆ ਵਾਰੇਹਮ ਨੇ ਇਕ-ਇਕ ਵਿਕਟ ਲਈ।