ਇਸ ਦੇਸ਼ ‘ਚ ਗੰਜਿਆਂ ਵਿਚਾਲੇ ਹੁੰਦੀ ਹੈ ਰੱਸਾਕਸ਼ੀ, ਹੱਥ ਨਹੀਂ, ਸਿਰ ਨਾਲ ਖਿੱਚਦੇ ਹਨ ਰੱਸੀ

ਟੋਕੀਓ : ਕੀ ਤੁਸੀਂ ਕਦੇ ਗੰਜਿਆਂ ਦੀ ਰੱਸਾਕੱਸ਼ੀ ਦੇਖੀ ਹੈ? ਰਿਪੋਰਟ ਮੁਤਾਬਕ ਜਾਪਾਨ ਦੇ ਅਮੋਰੀ ‘ਚ ਇਕ ਛੋਟਾ ਜਿਹਾ ਸ਼ਹਿਰ ਹੈ, ਜਿਸ ਦਾ ਨਾਂ ਹੈ ਸੁਰੁਤਾ। ਇਥੇ ਹਰ ਸਾਲ ਗੰਜਿਆਂ ਦਾ ਇਕ ਮੁਕਾਬਲਾ ਹੁੰਦਾ ਹੈ। ਦਰਅਸਲ, ਇਸ ਮੁਕਾਬਲੇ ਵਿੱਚ ਇਕ ਰੱਸੀ ਨੂੰ ਸਕਸ਼ਨ ਕੱਪ, ਭਾਵ ਪਲਾਸਟਿਕ ਦੇ ਚਿਪਕਣ ਵਾਲੇ ਕੱਪ ਰਾਹੀਂ ਬੰਨ੍ਹਿਆ ਜਾਂਦਾ ਹੈ ਅਤੇ ਕੱਪ ਨੂੰ ਗੰਜੇ ਖਿੱਚਦੇ ਹਨ ਪਰ ਮੁਕਾਬਲਾ ਖਾਸ ਇਸ ਲਈ ਹੁੰਦਾ ਹੈ ਕਿਉਂਕਿ ਲੋਕ ਇਸ ਨੂੰ ਹੱਥਾਂ ਨਾਲ ਨਹੀਂ, ਆਪਣੇ ਸਿਰ ਨਾ ਖਿੱਚਦੇ ਹਨ।

ਦਰਅਸਲ, ਸਕਸ਼ਨ ਕੱਪ ਨੂੰ ਉਨ੍ਹਾਂ ਦੇ ਸਿਰ ’ਤੇ ਚਿਪਕਾ ਦਿੱਤਾ ਜਾਂਦਾ ਹੈ ਅਤੇ ਫਿਰ ਉਸੇ ਦੇ ਸਹਾਰੇ ਉਹ ਰੱਸੀ ਆਪਣੇ ਵੱਲ ਖਿੱਚਦੇ ਹਨ। ਜਿਸ ਵਿਅਕਤੀ ਦੇ ਸਿਰ ਤੋਂ ਸਕਸ਼ਨ ਕੱਪ ਪਹਿਲਾਂ ਨਿਕਲ ਜਾਂਦਾ ਹੈ, ਉਹ ਹਾਰ ਜਾਂਦਾ ਹੈ। ਲੋਕ ਜਿੱਤਣ ਲਈ ਕਈ ਯੋਜਨਾਵਾਂ ਬਣਾਉਂਦੇ ਹਨ। ਬਹੁਤ ਲੋਕ ਤਾਂ ਸਿਰ ’ਤੇ ਤੇਲ ਵਰਗੇ ਪਦਾਰਥ ਲਗਾ ਕੇ ਆਉਂਦੇ ਹਨ, ਜਿਸ ਨਾਲ ਸਕਸ਼ਨ ਕੱਪ ਤੇਜ਼ੀ ਨਾਲ ਚਿਪਕ ਜਾਵੇ।

1989 ‘ਚ ਸੁਰੁਤਾ ਹਾਗੇਮਾਸੂ ਐਸੋਸੀਏਸ਼ਨ ਨੇ ਇਸ ਮੁਕਾਬਲੇ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦਾ ਭਰੋਸਾ ਸੀ ਕਿ ਇਸ ਮੁਕਾਬਲੇ ਰਾਹੀਂ ਉਹ ਗੰਜਿਆਂ ਵਿੱਚ ਆਤਮ-ਸਨਮਾਨ ਅਤੇ ਕਾਨਫੀਡੈਂਸ ਦੀ ਭਾਵਨਾ ਨੂੰ ਜਗਾਉਣਗੇ। ਇਸ ਨੂੰ ਸ਼ੁਰੂ ਕਰਨ ਦੇ ਪਿੱਛੇ ਕਾਰਨ ਇਹ ਸੀ ਕਿ ਵਾਲ ਝੜ ਜਾਣ ਤੋਂ ਬਾਅਦ ਜ਼ਿਆਦਾਤਰ ਮਰਦ ਸ਼ਰਮਿੰਦਗੀ ਮਹਿਸੂਸ ਕਰਨ ਲੱਗਦੇ ਹਨ ਅਤੇ ਉਨ੍ਹਾਂ ਦਾ ਮਨੋਬਲ ਖਤਮ ਹੋ ਜਾਂਦਾ ਹੈ। ਅਜਿਹੇ ਮਰਦਾਂ ਨੂੰ ਜੇਤੂ ਮਹਿਸੂਸ ਕਰਵਾਉਣ ਲਈ ਇਸ ਮੁਕਾਬਲੇ ਦੀ ਸ਼ੁਰੂਆਤ ਕੀਤੀ ਗਈ ਸੀ।

Leave a Reply