ਦਰਦਨਾਕ ! ਚੱਲਦੀ ਕਾਰ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜੀ 5 ਸਾਲਾ ਬੱਚੀ, ਮੋਗਾ ਤੋਂ ਵਾਪਸ ਆ ਰਿਹਾ ਸੀ ਪਰਿਵਾਰ

ਫਿਰੋਜ਼ਪੁਰ : ਜ਼ਿਲ੍ਹੇ ਦੇ ਕਸਬਾ ਤਲਵੰਡੀ ਭਾਈ ਕੋਲ ਰਾਸ਼ਟਰੀ ਰਾਜ ਮਾਰਗ ਨੰਬਰ 54 ’ਤੇ ਵਾਪਰੇ ਇਕ ਸੜਕ ਹਾਦਸੇ ਵਿਚ ਚਲਦੀ ਕਾਰ ਨੂੰ ਅੱਗ ਲੱਗਣ ਨਾਲ ਇਕ 4-5 ਸਾਲਾ ਮਾਸੂਮ ਬੱਚੀ ਦੀ ਜ਼ਿੰਦਾ ਸੜ ਜਾਣ ਦੀ ਖ਼ਬਰ ਹੈ। ਇਹ ਘਟਨਾ ਬੀਤੀ ਸ਼ਾਮ ਸਾਢੇ 6 ਵਜੇ ਦੀ ਦੱਸੀ ਜਾ ਰਹੀ ਹੈ।

ਜਾਣਕਾਰੀ ਮੁਤਾਬਿਕ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਕਲੇਰ ਦਾ ਵਸਨੀਕ ਗੁਰਜੀਤ ਸਿੰਘ ਪੁੱਤਰ ਮੱਘਰ ਸਿੰਘ ਆਪਣੇ ਪਰਿਵਾਰ ਪਤਨੀ, 3 ਧੀਆਂ ਅਤੇ ਇਕ ਪੁੱਤਰ ਨਾਲ ਕਾਰ ਨੰਬਰ ਪੀਬੀ 19 ਏ 6969 ’ਚ ਸਵਾਰ ਹੋ ਕੇ ਮੋਗਾ ਜ਼ਿਲ੍ਹੇ ਦੇ ਧਰਮਕੋਟ ਵਿਖੇ ਕਿਸੇ ਰਿਸ਼ਤੇਦਾਰੀ ’ਚ ਹੋ ਕੇ ਸ਼ਾਮ ਸਮੇਂ ਪਿੰਡ ਨੂੰ ਵਾਪਸ ਆ ਰਿਹਾ ਸੀ ਕਿ ਪਿੰਡ ਕੋਟ ਕਰੋੜ ਕਲਾਂ ਨੇੜੇ ਪਹੁੰਚਣ ’ਤੇ ਗੱਡੀ ਵਿਚ ਕੋਈ ਨੁਕਸ ਪੈ ਗਿਆ ਜਿਸ ਨੂੰ ਵੇਖਣ ਲਈ ਗੁਰਜੀਤ ਸਿੰਘ ਗੱਡੀ ਵਿਚੋਂ ਬਾਹਰ ਆਇਆ ਤਾਂ ਅਚਾਨਕ ਗੱਡੀ ਨੂੰ ਅੱਗ ਲੱਗ ਗਈ।

ਕਾਰ ਦੀ ਪਿਛਲੀ ਸੀਟ ’ਤੇ ਗੁਰਜੀਤ ਦੀ ਪਤਨੀ, 2 ਲੜਕੀਆਂ ਤੇ ਇਕ ਲੜਕਾ ਬੈਠੇ ਸਨ ਜੋ ਅੱਗ ਲੱਗੀ ਕਾਰ ਵਿਚੋਂ ਬਾਹਰ ਨਿਕਲਣ ਵਿਚ ਸਫਲ ਹੋ ਗਏ, ਪਰ ਇਸੇ ਦੌਰਾਨ ਕਾਰ ਨੂੰ ਲੱਗ ਚੁੱਕੇ ਸੈਂਟਰ ਲਾਕ ਕਾਰਨ ਕਾਰ ਦੀਆਂ ਖਿੜਕੀਆਂ ਜਾਮ ਹੋ ਗਈਆਂ ਤੇ ਕਾਰ ਦੀ ਅਗਲੀ ਸੀਟ ’ਤੇ ਬੈਠੀ ਮਾਸੂਮ ਬੱਚੀ ਤਨਵੀਰ ਉਰਫ ਤਨੂੰ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਅੱਗ ਦੀ ਲਪੇਟ ਵਿਚ ਆਉਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਤਲਵੰਡੀ ਭਾਈ ਦੀ ਮੁਖੀ ਸ਼ਿਮਲਾ ਰਾਣੀ ਵੱਲੋਂ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

Leave a Reply