ਚੀਨ ਨੇ 224 ਅਰਬ ਡਾਲਰ ਦਾ ਰੱਖਿਆ ਬਜਟ ਐਲਾਨਿਆ, ਭਾਰਤ ਦੇ ਮੁਕਾਬਲੇ ਤਿੰਨ ਗੁਣਾ ਵੱਧ ਹੈ ਰੱਖਿਆ ਖ਼ਰਚ

ਬੀਜਿੰਗ: ਚੀਨ ਨੇ ਸਾਲ 2023-24 ਲਈ ਆਪਣਾ ਰੱਖਿਆ ਬਜਟ ਜਨਤਕ ਕਰ ਦਿੱਤਾ ਹੈ। ਪਿਛਲੇ ਸਾਲ ਦੇ ਰੱਖਿਆ ਬਜਟ ਵਿਚ 7.2 ਫ਼ੀਸਦੀ ਦਾ ਵਾਧਾ ਕਰਦੇ ਹੋਏ ਚਾਲੂ ਸਾਲ ਵਿਚ 224 ਅਰਬ ਡਾਲਰ ਖ਼ਰਚ ਕਰਨ ਦੀ ਤਜਵੀਜ਼ ਕੀਤੀ ਗਈ ਹੈ। ਚੀਨ ਨੇ 2022 ਵਿਚ ਆਪਣੇ ਰੱਖਿਆ ਬਜਟ ਵਿਚ 7.1 ਫ਼ੀਸਦੀ ਦਾ ਵਾਧਾ ਕੀਤਾ ਸੀ। ਮੰਨਿਆ ਜਾਂਦਾ ਹੈ ਕਿ ਚੀਨ ਆਪਣੀ ਫ਼ੌਜੀ ਸਮਰੱਥਾ ਨੂੰ ਵਧਾਉਣ ਲਈ ਐਲਾਨੇ ਰੱਖਿਆ ਬਜਟ ਤੋਂ ਵੱਧ ਖ਼ਰਚ ਕਰਦਾ ਹੈ। ਐਲਾਨਿਆ ਗਿਆ ਬਜਟ ਵੀ ਭਾਰਤ ਦੇ ਰੱਖਿਆ ਬਜਟ ਨਾਲੋਂ ਤਿੰਨ ਗੁਣਾ ਵੱਧ ਹੈ।

ਚੀਨ ਦੀ ਸੰਸਦ ਨੈਸ਼ਨਲ ਪੀਪਲਜ਼ ਕਾਂਗਰਸ ਵਿਚ ਪ੍ਰਧਾਨ ਮੰਤਰੀ ਲੀ ਕਛਯਾਂਗ ਨੇ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਇਸ ਖ਼ਰਚ ਨਾਲ ਫ਼ੌਜਾਂ ਨੂੰ ਆਪਣੀ ਸਮਰੱਥਾ ਵਧਾਉਣ ਵਿਚ ਮਦਦ ਮਿਲੇਗੀ। ਚੀਨ ਪਿਛਲੇ ਕਈ ਸਾਲਾਂ ਤੋਂ ਆਪਣੀਆਂ ਫ਼ੌਜਾਂ ਦੀ ਲੜਾਕੂ ਸਮਰੱਥਾ ਵਧਾਉਣ ਦਾ ਕੰਮ ਕਰ ਰਿਹਾ ਹੈ। ਚੀਨ ਆਪਣੀ ਫ਼ੌਜ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਨੂੰ 2027 ਤਕ ਪੂਰੀ ਤਰ੍ਹਾਂ ਤਿਆਰ ਕਰਨ ਵਿਚ ਲੱਗਾ ਹੈ। ਚੀਨ ਦਾ ਟੀਚਾ ਆਪਣੀ ਫ਼ੌਜ ਨੂੰ ਦੁਨੀਆ ਦੀ ਸਰਬੋਤਮ ਫ਼ੌਜ ਬਣਾਉਣਾ ਹੈ। ਇਸ ਦੇ ਲਈ ਚੀਨ ਫ਼ੌਜ ਦੀ ਟ੍ਰੇਨਿੰਗ ਅਤੇ ਲੜਨ ਦੀ ਸਮਰੱਥਾ ਵਧਾਉਣ ’ਤੇ ਸਭ ਤੋਂ ਵੱਧ ਧਿਆਨ ਦੇ ਰਿਹਾ ਹੈ। ਇਸ ਤੋਂ ਇਲਾਵਾ ਤਕਨੀਕੀ ਰੂਪ ਨਾਲ ਵੀ ਉਸ ਨੂੰ ਮਜ਼ਬੂਤ ਬਣਾਇਆ ਜਾ ਰਿਹਾ ਹੈ। ਹਾਲੇ ਤਕ ਅਮਰੀਕਾ ਦੀ ਫ਼ੌਜ ਦੁਨੀਆ ਵਿਚ ਸਰਬੋਤਮ ਮੰਨੀ ਜਾਂਦੀ ਹੈ। ਚਾਲੂ ਸਾਲ ਲਈ ਅਮਰੀਕਾ ਦਾ ਰੱਖਿਆ ਬਜਟ ਕਰੀਬ 817 ਅਰਬ ਡਾਲਰ ਦਾ ਹੈ ਜਦਕਿ ਚਾਲੂ ਸਾਲ ਲਈ ਭਾਰਤ ਦਾ ਰੱਖਿਆ ਬਜਟ 72.6 ਅਰਬ ਡਾਲਰ ਦਾ ਹੈ। ਦੋਵੇਂ ਹੀ ਦੇਸ਼ਾਂ ਨਾਲ ਚੀਨ ਦੀ ਤਨਾਤਨੀ ਚੱਲ ਰਹੀ ਹੈ। ਸੰਸਦ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਦੇ ਬੁਲਾਰੇ ਵਾਂਗ ਚਾਓ ਨੇ ਕਿਹਾ ਸੀ ਕਿ ਜੀਡੀਪੀ ਦੀ ਤੁਲਨਾ ਵਿਚ ਚੀਨ ਦਾ ਰੱਖਿਆ ਬਜਟ ਦੁਨੀਆ ਵਿਚ ਸਭ ਤੋਂ ਘੱਟ ਹੈ।

20 ਲੱਖ ਫ਼ੌਜੀਆਂ ਵਾਲੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਗਿਣਤੀ ਦੇ ਲਿਹਾਜ਼ ਨਾਲ ਦੁਨੀਆ ਦੀ ਸਭ ਤੋਂ ਵੱਡੀ ਫ਼ੌਜ ਹੈ। ਪੀਐੱਲਏ ਥਲ ਸੈਨਾ, ਹਵਾਈ ਸੈਨਾ ਅਤੇ ਨੌਸੈਨਾ ਦਾ ਸਮੂਹ ਹੈ। ਰਾਸ਼ਟਰਪਤੀ ਸ਼ੀ ਜਿਨਪਿੰਗ ਫ਼ੌਜੀ ਕਮਿਸ਼ਨ ਦੇ ਮੁਖੀ ਦੇ ਰੂਪ ਵਿਚ ਚੀਨੀ ਫ਼ੌਜ ਦੇ ਸਰਬਉੱਚ ਅਧਿਕਾਰੀ ਹਨ। ਜਿਨਪਿੰਗ ਪੰਜ ਸਾਲ ਦੇ ਤੀਜੇ ਕਾਰਜਕਾਲ ਲਈ ਰਾਸ਼ਟਰਪਤੀ ਬਣਨ ਵਾਲੇ ਚੀਨ ਦੇ ਪਹਿਲੇ ਨੇਤਾ ਹਨ। ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਅਕਤੂਬਰ 2022 ਵਿਚ ਹੋਏ ਇਜਲਾਸ ਵਿਚ ਜਿਨਪਿੰਗ ਦੇ ਤੀਜੇ ਕਾਰਜਕਾਲ ਦੇ ਮਤੇ ’ਤੇ ਮੋਹਰ ਲਗਾਈ ਗਈ ਸੀ। ਜਿਨਪਿੰਗ ਦੇ ਪਿਛਲੇ ਦਸ ਸਾਲ ਦੇ ਕਾਰਜਕਾਲ ਵਿਚ ਚੀਨ ਦੀ ਫ਼ੌਜ ਅਣਕਿਆਸੇ ਰੂਪ ਨਾਲ ਸਾਧਨ ਸੰਪੰਨ ਹੋਈ ਹੈ। ਚੀਨੀ ਨੇਵੀ ਦੇ ਕੋਲ ਇਸ ਸਮੇਂ ਤਿੰਨ ਜੰਗੀ ਬੇੜੇ ਹਨ। ਜੰਗੀ ਜਹਾਜ਼ਾਂ ਦੀ ਗਿਣਤੀ ਦੇ ਲਿਹਾਜ਼ ਨਾਲ ਉਹ ਦੁਨੀਆ ਦੀ ਸਭ ਤੋਂ ਵੱਡੀ ਨੇਵੀ ਬਣ ਗਈ ਹੈ।

Leave a Reply