ਅਮਰੀਕਾ ਕਹਿ ਇੰਡੋਨੇਸ਼ੀਆ ’ਚ ਭੇਜਿਆ ਨੌਜਵਾਨ, ਫਿਰ ਜੋ ਹੋਇਆ ਸੁਣ ਹੋਵੋਗੇ ਹੈਰਾਨ
ਰਾਜਪੁਰਾ: ਵਿਦੇਸ਼ ਭੇਜਣ ਦੇ ਨਾਂ ’ਤੇ ਬੰਦੀ ਬਣਾ ਕੇ 40 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਥਾਣਾ ਸਿਟੀ ਪੁਲਸ ਨੇ 3 ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਅਮਨਦੀਪ ਸਿੰਘ ਵਾਸੀ ਪਟਿਆਲਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਰਾਜਪੁਰਾ ਵਾਸੀ ਸੁਖਵਿੰਦਰ ਸਿੰਘ, ਮੁਨੀਸ਼ ਕੁਮਾਰ ਅਤੇ ਯਮੁਨਾਨਗਰ ਵਾਸੀ ਪਰਮਜੀਤ ਸਿੰਘ ਸਣੇ ਤਿੰਨਾਂ ਨੇ ਮੈਨੂੰ ਅਮਰੀਕਾ ਭੇਜਣ ਲਈ 40 ਲੱਖ ਰੁਪਏ ਦੀ ਮੰਗ ਕੀਤੀ। ਉਕਤ ਰਕਮ ਅਮਰੀਕਾ ਪੁੱਜਣ ਤੋਂ ਬਾਅਦ ਦੇਣੀ ਸੀ।
ਉਨ੍ਹਾਂ ਨੇ ਮੈਨੂੰ ਕਿਹਾ ਕਿ ਪਹਿਲਾਂ ਇੰਡੋਨੇਸ਼ੀਆ ਜਾਣਾ ਪਵੇਗਾ, ਜਿੱਥੋਂ ਉਹ ਉਸ ਨੂੰ ਅਮਰੀਕਾ ਭੇਜ ਦੇਣਗੇ। ਜਦੋਂ ਮੈਂ ਇੰਡੋਨੇਸ਼ੀਆ ਪੁੱਜ ਗਿਆ ਤਾਂ ਉਕਤ ਤਿੰਨਾਂ ਨੇ ਉਥੇ ਮੈਨੂੰ ਬੰਦੀ ਬਣਾ ਲਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਮੇਰੇ ਕੋਲੋਂ ਘਰਦਿਆਂ ਨੂੰ ਫੋਨ ਕਰਵਾ ਦਿੱਤਾ ਕਿ ਮੈਂ ਅਮਰੀਕਾ ਪਹੁੰਚ ਗਿਆ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਮੇਰੇ ਪਰਿਵਾਰ ਕੋਲੋਂ 40 ਲੱਖ ਵਸੂਲ ਲਏ। ਅਮਨਦੀਪ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਕਿਸੇ ਤਰ੍ਹਾਂ ਉਕਤ ਵਿਅਕਤੀਆਂ ਦੀ ਗ੍ਰਿਫਤ ’ਚੋਂ ਬਚ ਕੇ ਫਰਾਰ ਹੋ ਕੇ ਵਾਪਸ ਘਰ ਆ ਗਿਆ। ਪੁਲਸ ਨੇ ਅਮਨਦੀਪ ਦੀ ਸ਼ਿਕਾਇਤ ’ਤੇ ਉਕਤ ਤਿੰਨਾਂ ਖ਼ਿਲਾਫ ਧਾਰਾ 342, 406, 420, 506, 120 ਬੀ 13 ਏ ਪੰਜਾਬ ਪ੍ਰੀਵੈਨਸ਼ਨ ਆਫ ਹਿਊਮਨ ਸਮੱਗਲਿੰਗ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ।