12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਵੱਡਾ ਕਾਂਡ, ਕਰਤੂਤ ਅਜਿਹੀ ਕਿ ਪੁਲਸ ਵੀ ਰਹਿ ਗਈ ਹੈਰਾਨ
ਲੁਧਿਆਣਾ : ਦੋ ਦਿਨ ਪਹਿਲਾਂ ਡਾਕਟਰ ਤੋਂ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਆਰਟਿਕਾ ਕਾਰ ਲੁੱਟਣ ਦੇ ਮਾਮਲੇ ਨੂੰ ਪੁਲਸ ਨੇ 48 ਘੰਟਿਆਂ ’ਚ ਸੁਲਝਾ ਲਿਆ ਹੈ। ਵਾਰਦਾਤ ਕਰਨ ਵਾਲੇ 12ਵੀਂ ਜਮਾਤ ’ਚ ਪੜ੍ਹ ਰਹੇ ਵਿਦਿਆਰਥੀ ਹਨ, ਜਿਨ੍ਹਾਂ ਨੇ ਦੋਸਤਾਂ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਸ ਨੇ 5 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ ਲੁੱਟ ਹੋਈ ਕਾਰ ਸਮੇਤ ਐਕਟਿਵਾ, ਮੋਟਰਸਾਈਕਲ ਤੇ ਤੇਜ਼ਧਾਰ ਹਥਿਆਰ ਵੀ ਬਰਾਮਦ ਹੋਏ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਜਲੰਧਰ ਬਾਈਪਾਸ ਦੇ ਰਹਿਣ ਵਾਲੇ ਕੁਲਦੀਪ ਸਿੰਘ ਉਰਫ ਦੀਪਾ, ਕਿਚਲੂ ਨਗਰ ਦੇ ਕਰਣਵੀਰ ਸਿੰਘ ਉਰਫ ਕੰਨੂ, ਹੈਬੋਵਾਲ ਕਲਾਂ ਦੇ ਤੁਸ਼ਾਰ ਭਾਟੀਆ ਉਰਫ ਨੰਨੀ, ਸ਼ੁਭਮ ਢੰਡ ਉਰਫ ਜਾਨੂ ਅਤੇ ਸੁਖਪ੍ਰੀਤ ਸਿੰਘ ਉਰਫ ਹੀਰਾ ਵਜੋਂ ਹੋਈ ਹੈ। ਮੁਲਜ਼ਮਾਂ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਡਾ. ਨਵੀਨ ਅਗਰਵਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ’ਚ ਪ੍ਰੋਫੈਸਰ ਹਨ। ਉਹ ਦੋ ਦਿਨ ਪਹਿਲਾਂ ਕਿਸੇ ਪਾਰਟੀ ਸਮਾਗਮ ’ਚ ਗਏ ਸਨ, ਉੱਥੋਂ ਪਾਰਟੀ ਖ਼ਤਮ ਕਰਨ ਤੋਂ ਬਾਅਦ ਉਹ ਆਪਣੇ ਘਰ ਜਾ ਰਹੇ ਸਨ। ਇਸੇ ਦੌਰਾਨ ਰਸਤੇ ’ਚ ਪਿੰਡ ਝੱਮਟ ਕੋਲ ਬਾਈਕ ਸਵਾਰ ਅਣਪਛਾਤੇ ਮੁਲਜ਼ਮਾਂ ਨੇ ਡਾਕਟਰ ਤੋਂ ਉਸ ਦੀ ਆਰਟਿਕਾ ਕਾਰ ਲੁੱਟ ਲਈ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਸਰਾਭਾ ਨਗਰ ’ਚ ਐੱਫ. ਆਈ. ਆਰ. ਦਰਜ ਕਰਕੇ ਤੁਰੰਤ ਕਾਰਵਾਈ ਕਰਦਿਆਂ 5 ਮੁਲਜ਼ਮਾਂ ਨੂੰ ਦਬੋਚ ਲਿਆ। ਮੁਲਜ਼ਮਾਂ ਨੂੰ ਫੜਨ ਵਿਚ ਏ. ਡੀ. ਸੀ. ਪੀ. ਸ਼ੁਭਮ ਅਗਰਵਾਲ ਦੀ ਅਗਵਾਈ ਵਿਚ ਏ. ਸੀ. ਪੀ. ਮਨਦੀਪ ਸਿੰਘ, ਐੱਸ. ਐੱਚ. ਓ. ਅਮਰਿੰਦਰ ਸਿੰਘ ਅਤੇ ਚੌਕੀ ਇੰਚਾਰਜ ਰਵਿੰਦਰਪਾਲ ਸਿੰਘ ਨੇ ਕਾਮਯਾਬੀ ਹਾਸਲ ਕੀਤੀ।
20-22 ਸਾਲ ਦੇ ਹਨ ਸਾਰੇ ਮੁਲਜ਼ਮ
ਪੁਲਸ ਦਾ ਕਹਿਣਾ ਹੈ ਕਿ ਫੜੇ ਗਏ ਪੰਜੇ ਮੁਲਜ਼ਮ 20 ਤੋਂ 22 ਸਾਲ ਦੇ ਹਨ, ਜਿਨ੍ਹਾਂ ’ਚੋਂ ਕੁਲਦੀਪ ਸਿੰਘ ਅਤੇ ਕਰਣਵੀਰ ਸਿੰਘ ਦੋਵੇਂ 12ਵੀਂ ਦੀ ਪ੍ਰਾਈਵੇਟ ਪੜ੍ਹਾਈ ਕਰ ਰਹੇ ਹਨ, ਜਦੋਂਕਿ ਤੁਸ਼ਾਰ ਆਪਣੇ ਪਿਤਾ ਦੇ ਨਾਲ ਕਿਸੇ ਕੰਪਨੀ ’ਚ ਕੰਮ ਕਰਦਾ ਹੈ। ਸ਼ੁਭਮ ਪਿਤਾ ਦੇ ਨਾਲ ਪ੍ਰਾਪਰਟੀ ਦੀ ਦੁਕਾਨ ’ਤੇ ਬੈਠਦਾ ਹੈ ਅਤੇ ਸੁਖਪ੍ਰੀਤ ਸਿੰਘ ਇਕ ਦੁਕਾਨ ’ਤੇ ਨੌਕਰੀ ਕਰਦਾ ਹੈ।
ਸ਼ਾਰਟਕੱਟ ਢੰਗ ਨਾਲ ਪੈਸਾ ਕਮਾਉਣ ਲਈ ਸ਼ੁਰੂ ਕੀਤੀਆਂ ਵਾਰਦਾਤਾਂ
ਪੁਲਸ ਦਾ ਕਹਿਣਾ ਹੈ ਕਿ ਸਾਰੇ ਮੁਲਜ਼ਮ ਮੱਧ ਵਰਗੀ ਪਰਿਵਾਰ ਨਾਲ ਸਬੰਧ ਰੱਖਦੇ ਹਨ, ਜੋ ਜਿਵੇਂ ਕਿਵੇਂ ਆਪਣਾ ਖਰਚ ਪੂਰਾ ਕਰਦੇ ਹਨ, ਜਦੋਂਕਿ ਇਨ੍ਹਾਂ ਨੌਜਵਾਨਾਂ ਕੋਲ ਐਸ਼ਪ੍ਰਸਤੀ ਲਈ ਪੈਸੇ ਨਹੀਂ ਹੁੰਦੇ। ਇਸ ਲਈ ਮੁਲਜ਼ਮਾਂ ਨੇ ਜਲਦ ਪੈਸੇ ਕਮਾਉਣ ਦੇ ਚੱਕਰ ’ਚ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।