ਮੁੰਡੇ ਨੂੰ ਅਮਰੀਕਾ ਤੋਂ ਪੰਜਾਬ ਖਿੱਚ ਲਿਆਈ ਹੋਣੀ, ਇੰਝ ਆਵੇਗੀ ਮੌਤ ਸੋਚਿਆ ਨਾ ਸੀ

ਬਨੂੜ: ਬਨੂੜ ਨੇੜੇ ਸੜਕ ਹਾਦਸੇ ਵਿਚ ਜ਼ਖ਼ਮੀ ਹੋਏ ਅਮਰੀਕਾ ਦੇ ਵਸਨੀਕ 28 ਸਾਲਾ ਨੌਜਵਾਨ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏ. ਐੱਸ. ਆਈ. ਮਹਿੰਦਰ ਸਿੰਘ ਧੋਨੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਜਸਪ੍ਰੀਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਕੈਲੇਫੋਰਨੀਆ ਅਮਰੀਕਾ ਹਾਲ ਆਬਾਦ ਵਾਸੀ ਡੇਰਾ ਬਸੀ ਬੀਤੇ ਮਹੀਨੇ ਵਿਚ ਆਪਣੀ ਮਾਤਾ ਦੇ ਨਾਲ ਪੰਜਾਬ ਆਇਆ ਹੋਇਆ ਸੀ, ਜੋ ਕਿ ਬੀਤੇ ਹਫ਼ਤੇ ਆਪਣੀ ਮਾਤਾ ਨਾਲ ਕਾਰ ਵਿਚ ਸਵਾਰ ਹੋ ਕੇ ਬਨੂੜ ਤੋਂ ਡੇਰਾ ਬੱਸੀ ਜਾ ਰਹੇ ਸਨ। ਜਦੋਂ ਉਹ ਕਾਰ ਸਵਾਰ ਹੋ ਕੇ ਬਨੂੜ ਤੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਅਜੀਜ ਪੁਰ ਟੋਲ ਪਲਾਜ਼ੇ ਦੇ ਨਜ਼ਦੀਕ ਪਹੁੰਚੇ ਤਾਂ ਕਿਸੇ ਅਣਪਛਾਤੇ ਟਰੱਕ ਨੇ ਕਾਰ ਨੂੰ ਭਿਆਨਕ ਟੱਕਰ ਮਾਰੀ।

ਇਸ ਹਾਦਸੇ ਵਿਚ ਸਵਾਰ ਦੋਵੇਂ ਮਾਤਾ ਤੇ ਪੁੱਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਸਨ। ਹਾਦਸੇ ਵਿਚ ਦੋਵੇਂ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ, ਜਿੱਥੇ ਬੀਤੇ ਦਿਨੀਂ ਜਸਪ੍ਰੀਤ ਸਿੰਘ ਨਿੱਜੀ ਹਸਪਤਾਲ ਵਿਚ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਦਮ ਤੋੜ ਗਿਆ। ਕਾਰਜ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਜਸਪ੍ਰੀਤ ਸਿੰਘ ਦੇ ਪਿਤਾ ਦੇ ਅਮਰੀਕਾ ਤੋਂ ਆਉਣ ਤੇ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਲਈ ਡੇਰਾ ਬੱਸੀ ਦੇ ਸਿਵਲ ਹਸਪਤਾਲ ਵਿਚੋਂ ਕਰਵਾ ਕੇ ਲਾਸ਼ ਵਾਰਸਾਂ ਨੂੰ ਸਪੁਰਦ ਕਰ ਦਿੱਤੀ ਗਈ ਹੈ।

Leave a Reply