ਯੂਕੇ : ਸਿੱਖ ਮੁੰਡੇ ਦੇ ਕਤਲ ਮਾਮਲੇ ‘ਚ ਦੋ ਨੌਜਵਾਨ ਦੋਸ਼ੀ ਕਰਾਰ, ਜਲਦ ਹੋਵੇਗੀ ਸਜ਼ਾ

ਲੰਡਨ :ਪੱਛਮੀ ਲੰਡਨ ਵਿੱਚ ਦੋ ਨੌਜਵਾਨਾਂ ਨੂੰ 16 ਸਾਲਾ ਸਿੱਖ ਮੁੰਡੇ ਦਾ ਕਤਲ ਕਰਨ ਦਾ ਦੋਸ਼ੀ ਪਾਇਆ ਗਿਆ, ਜਿਸ ਨੂੰ ਉਹ ਗ਼ਲਤੀ ਨਾਲ ਇੱਕ ਵਿਰੋਧੀ ਗਿਰੋਹ ਨਾਲ ਸਬੰਧਤ ਸਮਝਦੇ ਸਨ। ਹਿਲਿੰਗਡਨ ਦੇ ਰਹਿਣ ਵਾਲੇ 18-18 ਸਾਲ ਦੇ ਵਨੁਸ਼ਾਨ ਬਾਲਾਕ੍ਰਿਸ਼ਨਨ ਅਤੇ ਇਲਿਆਸ ਸੁਲੇਮਾਨ ਨੂੰ ਸੋਮਵਾਰ ਨੂੰ ਓਲਡ ਬੇਲੀ ਵਿਖੇ ਸੁਣਵਾਈ ਤੋਂ ਬਾਅਦ ਰਿਸ਼ਮੀਤ ਸਿੰਘ ਦੇ ਕਤਲ ਦਾ ਦੋਸ਼ੀ ਪਾਇਆ ਗਿਆ।

ਰਿਸ਼ਮੀਤ ਦੀ ਮਾਂ ਨੇ ਕਹੀਆਂ ਇਹ ਗੱਲਾਂ

ਅਫਗਾਨਿਸਤਾਨ ਤੋਂ ਸ਼ਰਣ ਲੈਣ ਲਈ ਅਕਤੂਬਰ 2019 ਵਿੱਚ ਆਪਣੀ ਮਾਂ ਅਤੇ ਦਾਦੀ ਨਾਲ ਯੂਕੇ ਆਏ ਰਿਸ਼ਮੀਤ ਨੂੰ ਗਲਤੀ ਨਾਲ ਨਿਸ਼ਾਨਾ ਬਣਾਇਆ ਗਿਆ ਅਤੇ ਜ਼ਮੀਨ ‘ਤੇ ਸੁੱਟਦਿਆਂ 15 ਵਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੀੜਤਾ ਦੀ ਮਾਂ ਗੁਲਿੰਦਰ ਨੇ ਇੱਕ ਬਿਆਨ ਵਿੱਚ ਕਿਹਾ ਕਿ “ਪਹਿਲਾਂ ਮੈਂ ਆਪਣੇ ਪਤੀ ਨੂੰ ਗੁਆ ਦਿੱਤਾ ਸੀ ਅਤੇ ਫਿਰ ਆਪਣਾ ਇਕਲੌਤਾ ਪੁੱਤਰ। ਆਖ਼ਰਕਾਰ ਰਿਸ਼ਮੀਤ ਨੂੰ ਨਿਆਂ ਮਿਲਿਆ ਹੈ ਪਰ ਦੋਸ਼ੀਆਂ ਨੂੰ ਮਿਲਣ ਵਾਲੀ ਸਜ਼ਾ ਮੇਰੇ ਲਈ ਨਾਕਾਫ਼ੀ ਹੋਵੇਗੀ। ਕਿਉਂਕਿ ਉਨ੍ਹਾਂ ਨੇ ਮੇਰੀ ਪੂਰੀ ਜ਼ਿੰਦਗੀ ਮੇਰੇ ਤੋਂ ਖੋਹ ਲਈ ਹੈ ਅਤੇ ਰਿਸ਼ਮੀਤ ਦੁਬਾਰਾ ਕਦੇ ਘਰ ਨਹੀਂ ਆਵੇਗਾ।

ਇਹ ਹੈ ਪੂਰਾ ਮਾਮਲਾ

ਅਦਾਲਤ ਨੇ ਸੁਣਿਆ ਕਿ 24 ਨਵੰਬਰ, 2021 ਦੀ ਰਾਤ ਨੂੰ ਰਿਸ਼ਮੀਤ ਘਰ ਜਾ ਰਿਹਾ ਸੀ ਜਦੋਂ ਉਸਨੇ ਦੋ ਅਣਪਛਾਤੇ ਪੁਰਸ਼ਾਂ ਨੂੰ ਆਪਣੇ ਵੱਲ ਆਉਂਦਿਆ ਦੇਖਿਆ। ਮੈਟਰੋਪੋਲੀਟਨ ਪੁਲਸ ਦੀ ਇੱਕ ਰੀਲੀਜ਼ ਦੇ ਅਨੁਸਾਰ ਰਿਸ਼ਮੀਤ ਸਾਊਥਾਲ ਵਿੱਚ ਰੈਲੇ ਰੋਡ ਤੋਂ ਹੇਠਾਂ ਭੱਜ ਗਿਆ, ਜਿੱਥੇ ਉਹ ਫਸ ਗਿਆ ਅਤੇ ਡਿੱਗ ਪਿਆ। ਉਸ ਦਾ ਪਿੱਛਾ ਕਰਨ ਵਾਲੇ ਵਿੱਚੋਂ ਇੱਕ ਨੇ ਉਸ ਦੀ ਪਿੱਠ ਵਿੱਚ ਘੱਟੋ-ਘੱਟ ਪੰਜ ਵਾਰ ਚਾਕੂ ਮਾਰਿਆ ਅਤੇ ਦੂਜੇ ਨੇ ਉਸ ਨੂੰ ਘੱਟੋ-ਘੱਟ 10 ਵਾਰ ਚਾਕੂ ਮਾਰਿਆ। ਪੁਲਸ ਨੇ ਦੱਸਿਆ ਕਿ ਉਸਦੇ ਹਮਲਾਵਰ ਉਸਦੇ ਖੂਨ ਨਾਲ ਲੱਥਪੱਥ ਅਤੇ ਜ਼ਖਮੀ ਸਰੀਰ ਨੂੰ ਛੱਡ ਕੇ ਭੱਜ ਗਏ। ਇਹ ਪੂਰਾ ਹਮਲਾ 27 ਸਕਿੰਟ ਤੱਕ ਚੱਲਿਆ। ਇਸ ਮਗਰੋਂ ਅਧਿਕਾਰੀ ਅਤੇ ਲੰਡਨ ਐਂਬੂਲੈਂਸ ਸੇਵਾ ਜਨਤਾ ਦੇ ਇੱਕ ਮੈਂਬਰ ਤੋਂ 999 ਕਾਲ ਪ੍ਰਾਪਤ ਕਰਨ ਤੋਂ ਬਾਅਦ ਘਟਨਾ ਵਾਲੀ ਥਾਂ ‘ਤੇ ਪਹੁੰਚੇ, ਪਰ ਉਨ੍ਹਾਂ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਰਿਸ਼ਮੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਅਪ੍ਰੈਲ ‘ਚ ਸੁਣਾਈ ਜਾਵੇਗੀ ਸਜ਼ਾ

ਪੁਛਗਿੱਛ ਵਿੱਚ ਸਾਹਮਣੇ ਆਇਆ ਕਿ ਬਾਲਾਕ੍ਰਿਸ਼ਨਨ ਅਤੇ ਸੁਲੇਮਾਨ ਨੇ ਆਪਣੀ ਬਾਈਕ ਪੁਲ ਕੋਲ ਸੁੱਟ ਦਿੱਤੀ ਅਤੇ ਰਿਸ਼ਮੀਤ ਦਾ ਪੈਦਲ ਪਿੱਛਾ ਕੀਤਾ, ਬਾਲਾਕ੍ਰਿਸ਼ਨਨ ਨੇ ਪਹਿਲਾਂ ਉਸ ‘ਤੇ ਹਮਲਾ ਕੀਤਾ ਅਤੇ ਉਸ ਮਗਰੋਂ ਸੁਲੇਮਾਨ ਨੇ ਹਮਲਾ ਕੀਤਾ। ਉਹ ਘਟਨਾ ਸਥਾਨ ਤੋਂ ਭੱਜਦੇ ਹੋਏ ਸੀਸੀਟੀਵੀ ‘ਚ ਕੈਦ ਹੋ ਗਏ  ਅਤੇ ਆਪਣੇ ਪਹਿਨੇ ਹੋਏ ਕਪੜਿਆਂ ਅਤੇ ਕੋਵਿਡ ਮਾਸਕ ਤੋਂ ਸਪਸ਼ਟ ਤੌਰ ‘ਤੇ ਪਛਾਣੇ ਗਏ। ਬਾਲਾਕ੍ਰਿਸ਼ਨਨ ਨੂੰ 2 ਦਸੰਬਰ, 2021 ਨੂੰ ਉਸਦੇ ਘਰ ਦੇ ਪਤੇ ‘ਤੇ ਕਤਲ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਜਦਕਿ ਸੁਲੇਮਾਨ ਨੂੰ 9 ਦਸੰਬਰ ਨੂੰ ਐਡਗਵੇਅਰ ਦੇ ਇੱਕ ਪਤੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਜੋੜੇ ਨੂੰ 28 ਅਪ੍ਰੈਲ, 2023 ਨੂੰ ਓਲਡ ਬੇਲੀ ਵਿੱਚ ਸਜ਼ਾ ਸੁਣਾਈ ਜਾਵੇਗੀ।

Leave a Reply

error: Content is protected !!