ਸ੍ਰੀ ਅਨੰਦਪੁਰ ਸਾਹਿਬ ’ਚ ਕੀਤੇ ਗਏ ਪ੍ਰਦੀਪ ਸਿੰਘ ਦੇ ਕਤਲ ਮਾਮਲੇ ’ਚ ਨਵਾਂ ਮੋੜ
ਗੁਰਦਾਸਪੁਰ : ਸ੍ਰੀ ਅਨੰਦਪੁਰ ਸਾਹਿਬ ਵਿਚ ਹੋਲਾ ਮਹੱਲਾ ਦੇਖਣ ਗਏ ਐੱਨ. ਆਰ. ਆਈ. ਨਿਹੰਗ ਸਿੰਘ ਦੇ ਕਤਲ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਮ੍ਰਿਤਕ ਦੇ ਪਰਿਵਾਰ ਨੇ ਉਸ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਗੁਰਦਾਸਪੁਰ ਦੇ ਪਿੰਡ ਗਾਜੀਕੋਟ ਦੇ ਰਹਿਣ ਵਾਲੇ ਨਿਹੰਗ ਪ੍ਰਦੀਪ ਸਿੰਘ (24) ’ਤੇ ਕੁਝ ਲੋਕਾਂ ਨੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਸੀ,ਜਿਸ ਵਿਚ ਉਸ ਦੀ ਮੌਤ ਹੋ ਗਈ। ਉਹ ਕੁਝ ਮਹੀਨੇ ਪਹਿਲਾਂ ਹੀ ਕੈਨੇਡਾ ਤੋਂ ਪਰਤਿਆ ਸੀ ਅਤੇ ਮਾਤਾ-ਪਿਤਾ ਦਾ ਇਕਲੌਤਾ ਪੁੱਤ ਸੀ। ਮ੍ਰਿਤਕ ਨਿਹੰਗ ਪ੍ਰਦੀਪ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਪ੍ਰਦੀਪ ਸਿੰਘ 5 ਮਾਰਚ ਨੂੰ ਹੋਲਾ ਮਹੱਲਾ ਦੇਖਣ ਸ੍ਰੀ ਅਨੰਦਪੁਰ ਸਾਹਿਬ ਗਿਆ ਸੀ। ਰਸਤੇ ਵਿਚ ਕੁਝ ਲੋਕਾਂ ਨੇ ਆਪਣੀ ਗੱਡੀ ’ਤੇ ਅਸ਼ਲੀਲ ਗਾਣੇ ਲਗਾਏ ਹੋਏ ਸਨ। ਪ੍ਰਦੀਪ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਗੱਲ ’ਤੇ ਗੱਡੀ ਸਵਾਰ ਭੜਕ ਗਏ ਅਤੇ ਉਨ੍ਹਾਂ ਨੇ ਪ੍ਰਦੀਪ ’ਤੇ ਤਲਵਾਰਾਂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ।