ਈਰਾਨ ’ਚ 5000 ਸਕੂਲੀ ਬੱਚਿਆਂ ਨੂੰ ਦਿੱਤਾ ਗਿਆ ਜ਼ਹਿਰ, ਸੁਪਰੀਮ ਲੀਡਰ ਨੇ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਦਿੱਤਾ ਭਰੋਸਾ
ਤਹਿਰਾਨ : ਈਰਾਨ ਦੇ ਕਰੀਬ 230 ਸਕੂਲਾਂ ’ਚ 5000 ਵਿਦਿਆਰਥਣਾਂ ਨੂੰ ਜ਼ਹਿਰ ਦੇਣ ਦੀ ਸ਼ਿਕਾਇਤ ’ਤੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮਨੇਈ ਦਾ ਬਿਆਨ ਸਾਹਮਣੇ ਆਇਆ ਹੈ। ਸੁਪਰੀਮ ਲੀਡਰ ਖਾਮਨੇਈ ਨੇ ਕਿਹਾ ਹੈ ਕਿ ਜੇਕਰ ਦੇਸ਼ ਦੇ ਲੜਕੀਆਂ ਦੇ ਸਕੂਲਾਂ ’ਚ ਵਿਦਿਆਰਥਣਾਂ ਨੂੰ ਜਾਣਬੁਝ ਕੇ ਜ਼ਹਿਰ ਦਿੱਤਾ ਜਾਂਦਾ ਹੈ ਤਾਂ ਦੋਸ਼ੀਆਂ ਨੂੰ ਮੁਆਫ਼ੀਯੋਗ ਅਪਰਾਧ ਲਈ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਖਾਮਨੇਈ ਨੇ ਪਹਿਲੀ ਵਾਰ ਜਨਤਕ ਤੌਰ ’ਤੇ ਇਸ ਦਾ ਜਵਾਬ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਤੱਕ ਇਸ ਮਾਮਲੇ ’ਚ ਟਾਲ-ਮਟੋਲ ਤੋਂ ਬਾਅਦ ਈਰਾਨੀ ਅਧਿਕਾਰੀਆਂ ਨੇ ਇਸ ਘਟਨਾ ਨੂੰ ਸਵੀਕਾਰ ਕਰ ਲਿਆ ਸੀ। ਹਾਲਾਂਕਿ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਇਸ ਘਟਨਾ ਪਿੱਛੇ ਕਿਸ ਦਾ ਹੱਥ ਸੀ ਤੇ ਜ਼ਹਿਰ ਦੇਣ ’ਚ ਕਿਹੜਾ ਰਸਾਇਣ ਵਰਤਿਆ ਗਿਆ ਸੀ। ਦਰਅਸਲ ਗੁਆਂਢੀ ਅਫ਼ਗਾਨਿਸਤਾਨ ਦੇ ਉਲਟ ਈਰਾਨ ਦਾ ਔਰਤਾਂ ਵਿਰੁੱਧ ਧਾਰਮਿਕ ਕੱਟੜਪੰਥੀ ਦਾ ਕੋਈ ਇਤਿਹਾਸ ਨਹੀਂ ਹੈ। ਅਧਿਕਾਰੀਆਂ ਨੇ ਮੰਨਿਆ ਕਿ ਨਵੰਬਰ ਤੋਂ ਹੁਣ ਤੱਕ ਈਰਾਨ ਦੇ 30 ਸੂਬਿਆਂ ’ਚੋਂ 21 ’ਚ 50 ਤੋਂ ਵੱਧ ਸਕੂਲਾਂ ’ਚ ਜ਼ਹਿਰ ਦੇਣ ਦੀ ਘਟਨਾ ਸਾਹਮਣੇ ਆਈ ਹੈ। ਈਰਾਨ ਦੇ ਗ੍ਰਹਿ ਮੰਤਰੀ ਅਹਿਮਦ ਵਾਹਿਦੀ ਨੇ ਹਾਲਾਂਕਿ ਕਿਹਾ ਕਿ ਜਾਂਚਕਰਤਾਵਾਂ ਨੇ ਕੁਝ ਦਿਨ ਪਹਿਲਾਂ ਸਕੂਲਾਂ ਤੋਂ ਸ਼ੱਕੀ ਜ਼ਹਿਰ ਦੇ ਨਮੂਨੇ ਲਏ ਸਨ ਪਰ ਹੋਰ ਵੇਰਵੇ ਨਹੀਂ ਦਿੱਤੇ। ਮੀਡੀਆ ਰਿਪੋਰਟਾਂ ਮੁਤਾਬਕ ਇਸ ਘਟਨਾ ਨਾਲ ਲਗਭਗ 60 ਸਕੂਲ ਪ੍ਰਭਾਵਿਤ ਹੋਏ, ਜਿਨ੍ਹਾਂ ’ਚੋਂ ਲੜਕਿਆਂ ਦਾ ਵੀ ਇਕ ਸਕੂਲ ਸੀ। ਇਸ ਘਟਨਾ ਦਾ ਦੁਨੀਆ ਭਰ ’ਚ ਤਿੱਖਾ ਪ੍ਰਤੀਕਰਮ ਹੋਇਆ ਸੀ।
ਈਰਾਨ ’ਚ ਨਵੰਬਰ ਦੀ ਘਟਨਾ ਤੋਂ ਬਾਅਦ ਵੱਡੇ ਪੱਧਰ ’ਤੇ ਪ੍ਰਦਰਸ਼ਨ ਜਾਰੀ ਹਨ। ਇਸ ਘਟਨਾ ਨੂੰ ਲੈ ਕੇ ਮੰਗਲਵਾਰ ਨੂੰ ਹਜ਼ਾਰਾਂ ਅਧਿਆਪਕਾਂ ਨੇ ਪ੍ਰਦਰਸ਼ਨ ਕੀਤਾ। ਸੁਰੱਖਿਆ ਬਲਾਂ ਨੂੰ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਜਲ ਤੋਪਾਂ ਤੇ ਅੱਥਰੂ ਗੈਸ ਸਮੇਤ ਤਾਕਤ ਦੀ ਵਰਤੋਂ ਕਰਨੀ ਪਈ। ਇਸ ਦੌਰਾਨ ਸਰਕਾਰ ਨੇ ਇਸ ਅਣਸੁਲਝੀ ਰਹੱਸਮਈ ਘਟਨਾ ਦੇ ਜਵਾਬ ’ਚ ਪੱਤਰਕਾਰਾਂ, ਕਾਰਕੁੰਨਾਂ ਤੇ ਹੋਰਾਂ ’ਤੇ ਅਪਰਾਧਿਕ ਮੁਕੱਦਮੇਬਾਜ਼ੀ ਸ਼ੁਰੂ ਕਰ ਦਿੱਤੀ ਹੈ।