ਕਪਿਲ ਸ਼ਰਮਾ ਦੇ ਸ਼ੋਅ ’ਚ ਆਉਣਗੇ ਪੀ. ਐੱਮ. ਮੋਦੀ? ਕਾਮੇਡੀਅਨ ਨੇ ਦੱਸਿਆ ਕੀ ਸੀ ਜਵਾਬ

ਮੁੰਬਈ : ਸਟੈਂਡਅੱਪ ਕਾਮੇਡੀਅਨ ਕਪਿਲ ਸ਼ਰਮਾ ਅੱਜ ਇਕ ਵੱਡੇ ਸਟਾਰ ਹਨ। ਉਨ੍ਹਾਂ ਨੂੰ ਇੰਡਸਟਰੀ ’ਚ ਇੰਨਾ ਵੱਡਾ ਬਣਾਉਣ ’ਚ ‘ਦਿ ਕਪਿਲ ਸ਼ਰਮਾ ਸ਼ੋਅ’ ਦਾ ਅਹਿਮ ਯੋਗਦਾਨ ਹੈ। ਟੀ. ਆਰ. ਪੀ. ’ਤੇ ਹਾਵੀ ਹੋਣ ਵਾਲਾ ਇਹ ਕਾਮੇਡੀ ਸ਼ੋਅ ਲੋਕਾਂ ਦੇ ਮਨੋਰੰਜਨ ਦਾ ਇਕ ਪਸੰਦੀਦਾ ਸਰੋਤ ਹੈ। ਕਾਮੇਡੀ ਕਿੰਗ ਦੇ ਸ਼ੋਅ ’ਚ ਵੱਡੇ-ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ ਹੈ ਪਰ ਕੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਮੇਡੀ ਕਿੰਗ ਦੇ ਸ਼ੋਅ ’ਚ ਮਹਿਮਾਨ ਹੋਣਗੇ? ਇਸ ਗੱਲ ਦਾ ਖ਼ੁਲਾਸਾ ਕਾਮੇਡੀਅਨ ਨੇ ਕੀਤਾ ਹੈ।

ਕਪਿਲ ਸ਼ਰਮਾ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਪੀ. ਐੱਮ. ਮੋਦੀ ਨੂੰ ਆਪਣੇ ਸ਼ੋਅ ਲਈ ਸੱਦਾ ਦਿੱਤਾ ਸੀ। ਕਾਮੇਡੀਅਨ ਨੇ ਸਿੱਧੇ ਤੌਰ ’ਤੇ ਖ਼ੁਲਾਸਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨੇ ਇਸ ’ਤੇ ਕੀ ਪ੍ਰਤੀਕਿਰਿਆ ਦਿੱਤੀ। ਸ਼ੋਅ ’ਚ ਕਪਿਲ ਸ਼ਰਮਾ ਤੋਂ ਪੁੱਛਿਆ ਗਿਆ, ‘‘ਕੀ ਤੁਸੀਂ ਚਾਹੁੰਦੇ ਹੋ ਕਿ ਮੋਦੀ ਜੀ ਤੁਹਾਡੇ ਸ਼ੋਅ ’ਤੇ ਕਦੇ ਆਉਣ?’’

ਇਸ ਦੇ ਜਵਾਬ ’ਚ ਕਾਮੇਡੀਅਨ ਨੇ ਕਿਹਾ, ‘‘ਜਦੋਂ ਮੈਂ ਨਿੱਜੀ ਤੌਰ ’ਤੇ ਪੀ. ਐੱਮ. ਮੋਦੀ ਨੂੰ ਮਿਲਿਆ ਸੀ ਤਾਂ ਮੈਂ ਉਨ੍ਹਾਂ ਨੂੰ ਕਿਹਾ ਸੀ, ‘‘ਸਰ ਸਾਡੇ ਸ਼ੋਅ ’ਚ ਵੀ ਆਓ। ਉਸ ਸਮੇਂ ਉਨ੍ਹਾਂ ਨੇ ਮੈਨੂੰ ਨਾਂਹ ਵੀ ਨਹੀਂ ਕੀਤੀ।’’ ਉਨ੍ਹਾਂ ਕਿਹਾ, ‘‘ਇਸ ਸਮੇਂ ਮੇਰੇ ਵਿਰੋਧੀ ਕਾਫੀ ਕਾਮੇਡੀ ਕਰ ਰਹੇ ਹਨ। ਫਿਰ ਕਦੇ ਆਵਾਂਗੇ।’’

ਕਪਿਲ ਸ਼ਰਮਾ ਨੇ ਸਿੱਧੀ ਗੱਲਬਾਤ ’ਚ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਫ਼ਿਲਮਾਂ ’ਚ ਆਉਣ ਦਾ ਸ਼ੌਕ ਕਿਵੇਂ ਪਿਆ। ਕਾਮੇਡੀਅਨ ਨੇ ਇਸ ਦਾ ਮਜ਼ਾਕੀਆ ਜਵਾਬ ਦਿੱਤਾ। ਆਪਣੇ ਹੀ ਅੰਦਾਜ਼ ’ਚ ਕਪਿਲ ਨੇ ਕਿਹਾ, ‘‘ਸਾਡੇ ਸ਼ੋਅ ’ਚ ਕੁੜੀਆਂ ਵੀ ਅਸਲੀ ਨਹੀਂ ਹਨ। ਮੁੰਡੇ ਕੁੜੀਆਂ ਬਣ ਕੇ ਘੁੰਮ ਰਹੇ ਹਨ। ਅਜਿਹੇ ’ਚ ਜਦੋਂ ਮੈਂ ਅਸਲੀ ਕੁੜੀ ਨਾਲ ਕੰਮ ਕੀਤਾ ਤਾਂ ਮੈਨੂੰ ਲੱਗਾ ਕਿ ਮੈਂ ਉਥੇ ਥੋੜ੍ਹਾ ਜ਼ਿਆਦਾ ਸਮਾਂ ਦੇ ਰਿਹਾ ਹਾਂ, ਕੁਝ ਸਮਾਂ ਇਸ ਪਾਸੇ ਵੀ ਦੇਣਾ ਚਾਹੀਦਾ ਹੈ।’’

Leave a Reply