ਦੇਸ਼ ਭਰ ’ਚ ਪੱਛੜੀ ਪੰਜਾਬ ਪੁਲਸ, ਤੀਜੇ ਤੋਂ ਪਹੁੰਚੀ 12ਵੇਂ ਨੰਬਰ ’ਤੇ

ਜਲੰਧਰ- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਵਿਚ ਪੰਜਾਬ ਪੁਲਸ ਲਈ 10523 ਕਰੋੜ ਰੁਪਏ ਰਾਖਵੇਂ ਰੱਖੇ ਹਨ। ਇਹ ਪੈਸਾ ਪੁਲਸ ਆਧੁਨਿਕੀਕਰਨ ਅਤੇ ਹੋਰ ਵਿਕਾਸ ਕੰਮਾਂ ‘ਤੇ ਖ਼ਰਚ ਕੀਤਾ ਜਾਵੇਗਾ। ਪੰਜਾਬ ਦੀ ਪੁਲਸ ਦੇਸ਼ ਭਰ ਵਿਚ ਤੀਜੇ ਸਥਾਨ ‘ਤੇ ਗਿਣੀ ਜਾਂਦੀ ਸੀ ਪਰ ਅੱਤਵਾਦ ਦੇ ਖ਼ਾਤਮੇ ਤੋਂ ਬਾਅਦ ਪੰਜਾਬ ਪੁਲਸ ‘ਤੇ ਵੱਧ ਪੈਸਾ ਖ਼ਰਚ ਨਹੀਂ ਕੀਤਾ ਗਿਆ। ਇਸ ਦਾ ਨਤੀਜਾ ਇਹ ਨਿਕਲਿਆ ਕਿ ਪੰਜਾਬ ਪੁਲਸ 12ਵੇਂ ਸਥਾਨ ‘ਤੇ ਆ ਗਈ ਹੈ। ਪੰਜਾਬ ਵਿਚ ਡਰੱਗ ਅਤੇ ਹਥਿਆਰਾਂ ਦੀ ਤਸਕਰੀ ਰੋਕਣ ਲਈ ਪੰਜਾਬ ਪੁਲਸ ਨੂੰ ਜ਼ਿਆਦਾ ਤੋਂ ਜ਼ਿਆਦਾ ਮਜ਼ਬੂਤ ਬਣਾਉਣ ਲਈ ਫੰਡ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਪੰਜਾਬ ਬੇਸ਼ਕ ਛੋਟਾ ਸੂਬਾ ਹੈ ਪਰ ਪਾਕਿਸਤਾਨ ਦੀ ਸਰਹੱਦ ਨਾਲ ਲੱਗੇ ਹੋਣ ਕਾਰਨ ਇਥੇ ਅਪਰਾਧ ਦੀ ਗਿਣਤੀ ਵੱਧ ਹੈ।

ਪੰਜਾਬ ਵਿਚ ਹਰ ਸਾਲ ਔਸਤਨ 700 ਕਤਲ, 1650 ਅਗਵਾ ਦੇ ਕੇਸ ਅਤੇ 8 ਹਜ਼ਾਰ ਦੇ ਕਰੀਬ ਚੋਰੀਆਂ ਹੁੰਦੀਆਂ ਹਨ। ਇਸ ਦੇ ਨਾਲ ਹੀ ਪੰਜਾਬ ਵਿਚ 70 ਹਜ਼ਾਰ ਤੋਂ ਵੱਧ ਹਰ ਸਾਲ ਮਾਮਲੇ ਦਰਜ ਹੁੰਦੇ ਹਨ। ਕੱਟੜਪੰਥੀ ਪੈਰ ਪਸਾਰ ਰਹੇ ਹਨ। ਪਾਕਿਸਤਾਨ ਤੋਂ 700 ਕਿਲੋ ਹੈਰੋਇਨ ਹਰ ਸਾਲ ਪੁਲਸ ਬਰਾਮਦ ਕਰਦੀ ਹੈ। ਪਾਕਿਸਤਾਨ ਸਰਹੱਦ ਨਾਲ ਲੱਗੇ ਹੋਣ ਕਾਰਨ ਆਈ. ਐੱਸ. ਆਈ. ਦਾ ਸਾਫ਼ਟ ਟਾਰਗੇਟ ਪੰਜਾਬ ਰਿਹਾ ਹੈ। ਪੰਜਾਬ ਵਿਚ ਸਮਰੱਥਾ ਦੇ ਮੁਕਾਬਲੇ ਫ਼ੋਰਸ 60 ਫ਼ੀਸਦੀ ਵੀ ਪੂਰੀ ਨਹੀਂ ਹੈ। ਇਕ ਥਾਣੇ ਵਿਚ ਜਿੱਥੇ 75 ਮੁਲਾਜ਼ਮਾਂ ਦੀ ਲੋੜ ਹੈ, ਉਥੇ ਮਹਿਜ਼ 30 ਹੀ ਹਨ। ਸੱਤਾਧਾਰੀ ਸਰਕਾਰ ਵੱਲੋਂ ਹਰ ਸਾਲ 1800 ਕਾਂਸਟੇਬਲ ਅਤੇ 300 ਸਬ ਇੰਸਪੈਕਟਰਾਂ ਨੂੰ ਭਰਤੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

ਇਕ ਥਾਣੇ ਵਿਚ ਸਿਰਫ਼ ਇਕ ਹੀ ਗੱਡੀ 
ਜ਼ਮੀਨੀ ਪੱਧਰ ‘ਤੇ ਹਾਲਾਤ ਇਹ ਹਨ ਕਿ ਥਾਣੇਦਾਰ ਨੂੰ ਮਹਿਜ਼ 33 ਰੁਪਏ ਦਾ ਪੈਟਰੋਲ ਜਾਂ ਡੀਜ਼ਲ ਰੋਜ਼ਾਨਾ ਮਿਲਦਾ ਹੈ। ਇਸ ਵਿਚ ਅੱਧਾ ਲੀਟਰ ਪੈਟਰੋਲ ਅਤੇ ਡੀਜ਼ਲ ਨਹੀਂ ਆ ਸਕਦਾ। ਉਥੇ ਹੀ ਸਿਪਾਹੀ, ਹੈੱਡ ਕਾਂਸਟੇਬਲ ਅਤੇ ਹੌਲਦਾਰ ਨੂੰ ਔਸਤਨ 23 ਰੁਪਏ ਮਿਲਦੇ ਹਨ। ਇਕ ਥਾਣੇ ਵਿਚ ਇਕ ਗੱਡੀ ਹੈ ਅਤੇ ਇਸ ਨੂੰ ਐੱਸ. ਐੱਚ. ਓ. ਇਸਤੇਮਾਲ ਕਰਦੇ ਹਨ। 5 ਲੀਟਰ ਡੀਜ਼ਲ ਥਾਣੇਦਾਰ ਦੇ ਇਸ ਵਾਹਨ ਨੂੰ ਰੋਜ਼ਾਨਾ ਮਿਲਦਾ ਹੈ।

Leave a Reply