ਹਿਮਾਚਲ ‘ਚ ਐਂਟਰੀ ਹੋਵੇਗੀ ਮਹਿੰਗੀ, ਘੁੰਮਣ ਜਾਣ ਤੋਂ ਪਹਿਲਾਂ ਜ਼ਰੂਰ ਪੜ੍ਹ ਲਓ ਇਹ ਖ਼ਬਰ

ਸ਼ਿਮਲਾ- ਹਿਮਾਚਲ ਪ੍ਰਦੇਸ਼ ਘੁੰਮਣ ਜਾਣ ਵਾਲੇ ਸੈਲਾਨੀਆਂ ਲਈ ਥੋੜ੍ਹੀ ਝਟਕੇ ਵਾਲੀ ਖ਼ਬਰ ਹੈ। ਹੁਣ ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ ‘ਚ ਜਾਣਾ ਸੈਲਾਨੀਆਂ ਨੂੰ ਮਹਿੰਗਾ ਪਵੇਗਾ। ਦਰਅਸਲ ਹਿਮਾਚਲ ਵਿਚ ਹੋਰ ਸੂਬਿਆਂ ਦੇ ਵਾਹਨਾਂ ਦੀ ਐਂਟਰੀ ਫ਼ੀਸ 10 ਤੋਂ 50 ਰੁਪਏ ਤੱਕ ਵਧਾ ਦਿੱਤੀ ਗਈ ਹੈ। ਸੂਬਾ ਸਰਕਾਰ ਨੇ ਵਿੱਤੀ ਸਾਲ 2023-24 ਲਈ ਟੋਲ ਬੈਰੀਅਰ ‘ਤੇ ਲਈ ਜਾਣ ਵਾਲੀ ਐਂਟਰੀ ਫ਼ੀਸ ਵਧਾ ਦਿੱਤੀ ਹੈ।

ਨੋਟੀਫ਼ਿਕੇਸ਼ਨ ਮੁਤਾਬਕ ਛੋਟੇ ਵਾਹਨਾਂ ਦਾ 10 ਰੁਪਏ ਤਾਂ ਵੱਡੇ ਵਾਹਨਾਂ ਦੀ ਐਂਟਰੀ ਫ਼ੀਸ 50 ਰੁਪਏ ਵਧਾ ਦਿੱਤੀ ਹੈ। ਇਸ ਨਵੀਂ ਵਿਵਸਥਾ ਤਹਿਤ ਟਰੱਕਾਂ ਤੋਂ ਇਲਾਵਾ ਹੋਰ ਮਾਲ ਢੋਹਣ ਵਾਲੇ ਵਾਹਨਾਂ ਲਈ 450 ਦੀ ਥਾਂ 500 ਰੁਪਏ ਦੇਣੇ ਹੋਣਗੇ, ਜਦਕਿ ਮਲਟੀ ਐਕਸਲ ਟਰੱਕਾਂ ਤੋਂ 600 ਰੁਪਏ ਲਏ ਜਾਣਗੇ। ਖ਼ਾਸ ਗੱਲ ਇਹ ਹੈ ਕਿ ਇਹ ਫ਼ੀਸ ਹੋਰ ਸੂਬਿਆਂ ਤੋਂ ਇਲਾਵਾ ਹਿਮਾਚਲ ‘ਚ ਰਜਿਸਟਰਡ ਮਲਟੀ ਅਕਸਲ ਟਰੱਕਾਂ ਤੋਂ ਵੀ ਲਈ ਜਾਵੇਗੀ। ਨਵੀਆਂ ਦਰਾਂ 1 ਅਪ੍ਰੈਲ ਤੋਂ ਲਾਗੂ ਹੋਣਗੀਆਂ।

ਦਰਅਸਲ ਸੂਬਾ ਸਰਕਾਰ ਨੇ ਟੈਕਸ ਅਤੇ ਆਬਕਾਰੀ ਵਿਭਾਗ ਨੂੰ ਆਗਾਮੀ ਵਿੱਤੀ ਸਾਲ ਲਈ ਟੋਲ ਬੈਰੀਅਰ ਦੀ ਆਮਦਨ ‘ਚ 20 ਫ਼ੀਸਦੀ ਦੇ ਵਾਧੇ ਦਾ ਟੀਚਾ ਰੱਖਿਆ ਹੈ। ਪਹਿਲਾਂ ਹਿਮਾਚਲ ਵਿਚ ਸਾਰੇ ਟੋਲ ਬੈਰੀਅਰ ਤੋਂ 100 ਕਰੋੜ ਰੁਪਏ ਦੀ ਆਮਦਨ ਹੁੰਦੀ ਰਹੀ ਹੈ। ਇਸ ਵਾਰ 120 ਕਰੋੜ ਇਕੱਠੇ ਕਰਨ ਦਾ ਟੀਚਾ ਰੱਖਿਆ ਗਿਆ ਹੈ। ਕੈਬਨਿਟ ਵਲੋਂ ਮਨਜ਼ੂਰੀ ਤੋਂ ਬਾਅਦ ਇਸ ਦੀ ਨੋਟੀਫ਼ਿਕੇਸ਼ਨ ਜਾਰੀ ਕੀਤੀ ਗਈ ਹੈ।

Leave a Reply