ਕਾਂਗਰਸ ਮੇਰੀ ਕਬਰ ਪੁੱਟਣ ਦੇ ਸੁਫ਼ਨੇ ਵੇਖ ਰਹੀ ਤੇ ਮੈਂ ਕਰਨਾਟਕ ਦੇ ਵਿਕਾਸ ਦੇ ਸੁਫ਼ਨਿਆਂ ‘ਚ ਰੁੱਝਿਆ: PM ਮੋਦੀ
ਮਾਂਡਯਾ- ਕਰਨਾਟਕ ‘ਚ ਦੋ ਇੰਜਣਾਂ ਵਾਲੀ ਸਰਕਾਰ ਦੀ ਵਕਾਲਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਾਂਗਰਸ ‘ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀ ਉਨ੍ਹਾਂ ਦੀ ਮੌਤ ਦੇ ਸੁਫ਼ਨੇ ਵੇਖਣ ਵਿਚ ਰੁੱਝੀ ਹੋਈ ਹੈ ਪਰ ਉਹ ਕਰਨਾਟਕ ਦੇ ਵਿਕਾਸ ਦੇ ਸੁਫ਼ਨੇ ਵੇਖਣ ‘ਚ ਰੁੱਝੇ ਹਨ। ਇੱਥੇ ਕਈ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਤੋਂ ਬਾਅਦ ਕਾਂਗਰਸ ‘ਤੇ ਪਲਟਵਾਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਮੋਦੀ ਦੀ ਕਬਰ ਪੁੱਟਣ ਦੇ ਸੁਫ਼ਨੇ ਲੈਣ ‘ਚ ਰੁੱਝੀ ਹੋਈ ਹੈ ਪਰ ਮੈਂ ਕਰਨਾਟਕ ਦੇ ਵਿਕਾਸ ਦੇ ਸੁਪਨੇ ਦੇਖਣ ‘ਚ ਰੁੱਝਿਆ ਹੋਇਆ ਹਾਂ।
ਡਬਲ ਇੰਜਣ ਵਾਲੀ ਸਰਕਾਰ ਦੇ ਫਾਇਦੇ ਗਿਣਾਉਂਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਕਰਨਾਟਕ ‘ਚ ਹਾਈਵੇਅਜ਼ ‘ਤੇ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਪੂੰਜੀ ਨਿਵੇਸ਼ ਕੀਤਾ ਗਿਆ ਹੈ। ਬੁਨਿਆਦੀ ਢਾਂਚਾ ਰੁਜ਼ਗਾਰ, ਨਿਵੇਸ਼ ਅਤੇ ਆਮਦਨ ਦੇ ਮੌਕੇ ਲਿਆਉਂਦਾ ਹੈ। ਦੇਸ਼ ਵਿਚ ਦਹਾਕਿਆਂ ਤੋਂ ਲਟਕ ਰਹੇ ਸਿੰਚਾਈ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਬਜਟ ਵਿਚ ਸਰਕਾਰ ਨੇ ‘ਉੱਪਰੀ ਭਾਦਰਾ ਪ੍ਰਾਜੈਕਟ’ ਲਈ 5,300 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ, ਜੋ ਇਸ ਖੇਤਰ ਵਿਚ ਸਿੰਚਾਈ ਨਾਲ ਸਬੰਧਤ ਸਮੱਸਿਆਵਾਂ ਦਾ ਸਥਾਈ ਹੱਲ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰਨਾਟਕ ‘ਚ ਸ਼ੁਰੂ ਕੀਤੀ ਜਾ ਰਹੀ ਅਤਿ-ਆਧੁਨਿਕ ਸੜਕੀ ਬੁਨਿਆਦੀ ਢਾਂਚੇ ਦੇ ਪ੍ਰਾਜੈਕਟ ਸੂਬੇ ਭਰ ‘ਚ ਸੰਪਰਕ ਨੂੰ ਹੁਲਾਰਾ ਦੇਣਗੇ ਅਤੇ ਆਰਥਿਕ ਵਿਕਾਸ ਨੂੰ ਮਜ਼ਬੂਤ ਕਰਨਗੇ।