ਲੰਡਨ ਤੋਂ ਆ ਰਹੀ Air India ਦੀ ਫਲਾਈਟ ‘ਚ ਯਾਤਰੀ ਨੇ ਕੀਤਾ ਅਜਿਹਾ ਕੰਮ, ਕਰੂ ਮੈਂਬਰਾਂ ਨੂੰ ਬੰਨ੍ਹਣੇ ਪਏ ਹੱਥ-ਪੈਰ

ਲੰਡਨ – ਲੰਡਨ ਤੋਂ ਆ ਰਹੀ ਏਅਰ ਇੰਡੀਆ ਦੀ ਫਲਾਈਟ ਵਿੱਚ 37 ਸਾਲਾ ਵਿਅਕਤੀ ਨੇ ਅਜਿਹਾ ਕੰਮ ਕੀਤਾ ਕਿ ਚਾਲਕ ਦਲ ਦੇ ਮੈਂਬਰਾਂ ਨੂੰ ਉਸ ਦੇ ਹੱਥ-ਪੈਰ ਬੰਨ੍ਹਣੇ ਪਏ। ਇਹ ਫਲਾਈਟ ਲੰਡਨ ਤੋਂ ਮੁੰਬਈ ਆ ਰਹੀ ਸੀ ਤਾਂ ਇਕ ਵਿਅਕਤੀ ਫਲਾਈਟ ਦੇ ਟਾਇਲਟ ‘ਚ ਸਿਗਰਟ ਪੀਂਦਾ ਫੜਿਆ ਗਿਆ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਆਈਪੀਸੀ ਦੀ ਧਾਰਾ 336 ਅਤੇ ਏਅਰਕ੍ਰਾਫਟ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਸਬੰਧੀ ਏਅਰ ਇੰਡੀਆ ਦੇ ਕਰੂ ਮੈਂਬਰ ਨੇ ਸਹਾਰ ਪੁਲਸ ਨੂੰ ਦੱਸਿਆ ਕਿ ਫਲਾਈਟ ਵਿੱਚ ਸਿਗਰਟ ਪੀਣ ਦੀ ਇਜਾਜ਼ਤ ਨਹੀਂ ਹੈ ਪਰ ਜਿਵੇਂ ਹੀ ਉਹ ਬਾਥਰੂਮ ਗਿਆ ਤਾਂ ਅਲਾਰਮ ਵੱਜਣ ਲੱਗ ਪਿਆ।

ਜਦੋਂ ਸਾਰੇ ਮੈਂਬਰ ਬਾਥਰੂਮ ਵੱਲ ਭੱਜੇ ਤਾਂ ਦੇਖਿਆ ਕਿ ਉਸ ਦੇ ਹੱਥ ਵਿੱਚ ਸਿਗਰੇਟ ਸੀ। ਜਿਵੇਂ ਹੀ ਸਟਾਫ ਨੇ ਸਿਗਰਟ ਖੋਹੀ ਤਾਂ ਰਮਾਕਾਂਤ ਨੇ ਚਾਲਕ ਦਲ ਦੇ ਮੈਂਬਰਾਂ ‘ਤੇ ਗੁੱਸਾ ਕਰਨਾ ਸ਼ੁਰੂ ਕਰ ਦਿੱਤਾ। ਕਿਸੇ ਤਰ੍ਹਾਂ ਉਸ ਨੂੰ ਆਪਣੀ ਸੀਟ ‘ਤੇ ਬਿਠਾਇਆ ਗਿਆ। ਪਰ ਕੁਝ ਸਮੇਂ ਬਾਅਦ ਉਸ ਨੇ ਦੁਬਾਰਾ ਜਹਾਜ਼ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਉਸ ਦੇ ਵਿਹਾਰ ਤੋਂ ਸਾਰੇ ਯਾਤਰੀ ਡਰ ਗਏ। ਏਅਰ ਇੰਡੀਆ ਦੇ ਕਰੂ ਮੈਂਬਰ ਨੇ ਪੁਲਸ ਨੂੰ ਦੱਸਿਆ ਕਿ ਰਮਾਕਾਂਤ ਇਕ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਉਹ ਸਿਰਫ ਰੌਲਾ ਪਾ ਰਿਹਾ ਸੀ, ਇਸ ਲਈ ਮਜਬੂਰੀ ਵਿੱਚ ਉਸਦੇ ਹੱਥ-ਪੈਰ ਬੰਨ੍ਹ ਦਿੱਤੇ ਗਏ ਅਤੇ ਉਸਨੂੰ ਸੀਟ ‘ਤੇ ਬਿਠਾਇਆ ਗਿਆ। ਪਰ ਇਸ ਦੇ ਬਾਵਜੂਦ ਵੀ ਉਹ ਟਿਕਿਆ ਨਹੀਂ ਅਤੇ ਉਸਨੇ ਆਪਣਾ ਸਿਰ ਪਟਕਣਾ ਸ਼ੁਰੂ ਕਰ ਦਿੱਤਾ।

ਪੁਲਸ ਨੇ ਦੱਸਿਆ ਕਿ ਯਾਤਰੀਆਂ ਵਿੱਚੋਂ ਇੱਕ ਡਾਕਟਰ ਸੀ। ਉਸਨੇ ਆ ਕੇ ਉਸਦੀ ਜਾਂਚ ਕੀਤੀ। ਫਿਰ ਰਮਾਕਾਂਤ ਨੇ ਕਿਹਾ ਕਿ ਉਸ ਦੇ ਬੈਗ ਵਿਚ ਕੋਈ ਦਵਾਈ ਹੈ, ਪਰ ਬੈਗ ਦੀ ਜਾਂਚ ਕਰਨ ‘ਤੇ ਇਕ ਈ-ਸਿਗਰਟ ਮਿਲੀ। ਪੁਲਸ ਨੇ ਦੱਸਿਆ ਕਿ ਦੋਸ਼ੀ ਭਾਰਤੀ ਮੂਲ ਦਾ ਹੈ ਪਰ ਸੰਯੁਕਤ ਰਾਜ ਅਮਰੀਕਾ ਦਾ ਨਾਗਰਿਕ ਹੈ ਅਤੇ ਉਸ ਕੋਲ ਅਮਰੀਕੀ ਪਾਸਪੋਰਟ ਹੈ। ਪੁਲਸ ਨੇ ਦੱਸਿਆ ਕਿ ਅਸੀਂ ਦੋਸ਼ੀ ਦਾ ਸੈਂਪਲ ਮੈਡੀਕਲ ਜਾਂਚ ਲਈ ਭੇਜ ਦਿੱਤਾ ਹੈ ਤਾਂ ਜੋ ਪੁਸ਼ਟੀ ਕੀਤੀ ਜਾ ਸਕੇ ਕਿ ਉਹ ਨਸ਼ੇ ਦੀ ਹਾਲਤ ‘ਚ ਸੀ ਜਾਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ।

Leave a Reply