ਹਥਿਆਰਾਂ ਦੀ ਸਮੀਖਿਆ ਤੋਂ ਬਾਅਦ ਕੀਤੀ ਸਖ਼ਤ ਕਾਰਵਾਈ
ਚੰਡੀਗੜ੍ਹ- ਪੰਜਾਬ ‘ਚ ਗੰਨ ਕਲਚਰ ਪਾਬੰਦੀ ਦੇ ਬਾਅਦ ਵੀ ਕਾਫ਼ੀ ਦੇਖਣ ਨੂੰ ਮਿਲ ਰਿਹਾ ਹੈ। ਜਿਸ ਨੂੰ ਲੈ ਕੇ ਪੰਜਾਬ ਸਰਦਾਰ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਗੰਨ ਕਲਚਰ ਨੂੰ ਕਾਬੂ ਪਾਉਣ ਲਈ 813 ਆਰਮਜ਼ ਲਾਇਸੈਂਸ ਰੱਦ ਕੀਤੇ ਹਨ। ਇਸ ਦੀ ਜਾਣਕਾਰੀ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦਿੱਤੀ ਹੈ। ਜਿਸ ‘ਚ ਉਨ੍ਹਾਂ ਨੇ ਟਵੀਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ।
ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਉਹ ‘ਗੰਨ ਕਲਚਰ’ ਨੂੰ ਖ਼ਤਮ ਕਰਨ ਲਈ ਲਗਾਤਾਰ ਕਾਰਵਾਈ ਕਰ ਰਹੀ ਹੈ। ਹੁਣ ਤੱਕ ਪੰਜਾਬ ਸਰਕਾਰ ਨੇ 813 ਆਰਮਜ਼ ਲਾਇਸੈਂਸ ਰੱਦ ਕੀਤੇ ਹਨ, ਜਿਨ੍ਹਾਂ ‘ਚੋਂ ਮੋਹਾਲੀ 235, ਫਰੀਦਕੋਟ 84, ਅੰਮ੍ਰਿਤਸਰ 26, ਗੁਰਦਾਸਪੁਰ 10, ਪਠਾਨਕੋਟ 199, ਐੱਸਬੀਐੱਸ ਨਗਰ 48, ਸੰਗਰੂਰ 16, ਕਪੂਰਥਲਾ 6, ਲੁਧਿਆਣਾ 87, ਹੁਸ਼ਿਆਰਪੁਰ 47 ਤੇ ਜਲੰਧਰ 11 ਆਰਮਜ਼ ਲਾਇਸੈਂਸ ਰੱਦ ਕੀਤੇ ਹਨ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਕਿਹਾ ਕਿ ਬੰਦੂਕਾਂ ਰੱਖਣ ਵਾਲਿਆਂ ਨੂੰ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੁਣ ਜਨਤਕ ਸਮਾਗਮਾਂ, ਧਾਰਮਿਕ ਸਥਾਨਾਂ, ਵਿਆਹ ਸਮਾਗਮਾਂ ਜਾਂ ਕਿਸੇ ਹੋਰ ਸਮਾਗਮਾਂ ‘ਚ ਹਥਿਆਰ ਲੈ ਕੇ ਜਾਣ ਅਤੇ ਪ੍ਰਦਰਸ਼ਨ ਕਰਨ ‘ਤੇ ਪਾਬੰਦੀ ਲਗਾਈ ਗਈ ਹੈ।