ਪੰਜਾਬੀ ਯੂਨੀਵਰਸਿਟੀ ਨੂੰ ਗਰਾਂਟ ਲਈ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕੀਤਾ

ਤਲਵੰਡੀ ਸਾਬੋ ਵਿਖੇ ਕੀਤੇ ਗਏ ਪ੍ਰਦਰਸ਼ਨ ਦਾ ਦ੍ਰਿਸ਼

 

ਪਟਿਆਲਾ : ਇਥੇ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਨੇ ਅੱਜ ਸੂਬਾ ਸਰਕਾਰ ਤੋਂ ਗਰਾਂਟਾਂ ਦੀ ਮੰਗ ਲਈ ਧਰਨਾ ਸ਼ੁਰੂ ਕਰ ਦਿੱਤਾ। ਵਿਦਿਆਰਥੀ ਯੂਨੀਵਰਸਿਟੀ ਦੇ ਐਂਟਰੀ ਗੇਟ ਬੰਦ ਕਰਕੇ ਧਰਨੇ ’ਤੇ ਬੈਠ ਗਏ। ਕੈਂਪਸ ਦਾ ਸਾਰਾ ਕੰਮਕਾਜ ਠੱਪ ਹੋ ਗਿਆ ਹੈ। ਇਹ ਵਿਰੋਧ ਰਾਜ ਸਰਕਾਰ ਵੱਲੋਂ ਆਉਣ ਵਾਲੇ ਵਿੱਤੀ ਸਾਲ ਦੇ ਆਪਣੇ ਬਜਟ ਵਿੱਚ ਯੂਨੀਵਰਸਿਟੀ ਲਈ ਆਪਣੀਆਂ ਮੰਗਾਂ ਅਨੁਸਾਰ ਫੰਡ ਅਲਾਟ ਨਾ ਕਰਨ ਦੇ ਵਿਰੋਧ ਵਿੱਚ ਕੀਤਾ ਗਿਆ ਹੈ। ਵਿਦਿਆਰਥੀਆਂ ਨੇ ਸਵੇਰੇ 11 ਵਜੇ ਯੂਨੀਵਰਸਿਟੀ ਦੇ ਐਂਟਰੀ ਗੇਟ ਬੰਦ ਕਰ ਦਿੱਤੇ। ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਨਾਲ ਜੁੜ ਕੇ ਉਨ੍ਹਾਂ ਨੇ ਫੰਡਾਂ ਦੀ ਕਮੀ ਦੀ ਮਾਰ ਝੱਲ ਰਹੀ ਯੂਨੀਵਰਸਿਟੀ ਲਈ ਗਰਾਂਟਾਂ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਉਹ ਅਣਮਿੱਥੇ ਸਮੇਂ ਲਈ ਧਰਨਾ ਦੇਣਗੇ।

ਤਲਵੰਡੀ ਸਾਬੋ : ਪੰਜਾਬੀ ਯੂਨੀਵਰਸਿਟੀ ਬਚਾਓ ਦੇ ਨਾਮ ਹੇਠ ਸਾਰੀਆਂ ਧਿਰਾਂ ਵੱਲੋਂ ਕਾਇਮ ਸਾਂਝਾ ਮੋਰਚਾ ਦੇ ਸੱਦੇ ’ਤੇ ਪੰਜਾਬ ਸਰਕਾਰ ਵੱਲੋਂ ’ਵਰਸਿਟੀ ਦੀ ਸਾਲਾਨਾ ਗਰਾਂਟ ’ਤੇ ਕੱਟ ਦੇ ਵਿਰੋਧ ਵਿੱਚ ਅੱਜ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਵਿਖੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਤੋਂ ਸਲਾਨਾ ਗਰਾਂਟ ਵਿੱਚ ਵਾਧੇ ਦੀ ਮੰਗ ਕੀਤੀ ਹੈ।

ਇਸ ਮੌਕੇ ਸਟਾਫ ਅਤੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਯੂਨੀਵਰਸਿਟੀ ਲਈ ਤੁਰੰਤ ਇਸੇ ਬੱਜਟ ਸੈਸ਼ਨ ਵਿੱਚ ਸਾਲਾਨਾ ਗਰਾਂਟ ਵਧਾ ਕੇ 360 ਕਰੋੜ ਕੀਤੀ ਜਾਵੇ। ਇਸ ਮੌਕੇ ਡਾਕਟਰ ਬਲਰਾਜ ਸਿੰਘ ਬਰਾੜ ਮੈਂਬਰ ਪੂਟਾ, ਡਾਕਟਰ ਲਖਬੀਰ ਸਿੰਘ, ਡਾਕਟਰ ਅਮਨਦੀਪ ਸਿੰਘ, ਡਾਕਟਰ ਆਨੰਦ ਬਾਂਸਲ, ਡਾਕਟਰ ਸੁਖਵਿੰਦਰ ਸਿੰਘ, ਡਾਕਟਰ ਰਵੀ ਕੁਮਾਰ, ਡਾਕਟਰ ਅਸ਼ਵਨੀ ਨਰੂਲਾ, ਵਿਦਿਆਰਥੀ ਆਗੂ ਅਮਿਤੋਜ ਮੌੜ ਅਤੇ ਖੁਸ਼ਦੀਪ ਸਿੰਘ, ਗੁਰਵਿੰਦਰ ਸਿੰਘ ਨੇ ਵੀ ਸਬੋਧਨ ਕੀਤਾ। ਇਸ ਉਪਰੰਤ ਵਿਦਿਆਰਥੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।

ਧੂਰੀ: ਪੰਜਾਬ ਸਟੂਡੈਂਟਸ ਯੂਨੀਅਨ ਨੇ ਪੰਜਾਬੀ ਯੂਨੀਵਰਸਿਟੀ ਦੀ ਗਰਾਂਟ ਘਟਾਉਣ ਖ਼ਿਲਾਫ਼ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ।

ਇਸ ਸਬੰਧੀ ਯੂਨੀਅਨ ਦੇ ਸੂਬਾ ਆਗੂ ਸੁਖਦੀਪ ਹਥਨ ਨੇ ਕਿਹਾ ਕਿ ਜੇ ਯੂਨੀਵਰਸਿਟੀ ਸਮੇਤ ਸਿੱਖਿਆ ਬਜਟ ਵਿੱਚ ਤੁਰੰਤ ਵਾਧਾ ਨਾ ਕੀਤਾ ਤਾਂ ਉਹ ਤਾਂ ਉਹ 22 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਵਾਲੀ ਰਿਹਾਇਸ਼ ਅੱਗੇ ਪ੍ਰਦਰਸ਼ਨ ਕਰਨਗੇ| ਇਸ ਮੌਕੇ ਤਰਨਪ੍ਰੀਤ ਸਿੰਘ, ਰੋਹਿਤ ਧੂਰੀ, ਸਿਮਰਨਜੀਤ ਸਿੰਘ, ਨੂਰ ਤੇ ਸੁਖਵਿੰਦਰ ਸਿੰਘ ਹਾਜ਼ਰ ਸਨ|

Leave a Reply