ਲੁਧਿਆਣਾ ’ਚ ਕਿੰਨਰਾਂ ਨੇ ਕੁੱਟੇ ਕਿੰਨਰ

ਲੁਧਿਆਣਾ: ਸੋਸ਼ਲ ਮੀਡੀਆ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਕੁੱਝ ਕਿੰਨਰਾਂ ਵਲੋਂ ਦੋ ਕਿੰਨਰਾਂ ਦੀ ਡੰਡਿਆਂ ਅਤੇ ਝਾੜੂਆਂ ਨਾਲ ਜੰਮ ਕੇ ਕੁੱਟਮਾਰ ਕੀਤੀ ਜਾ ਰਹੀ ਹੈ। ਇਥੇ ਹੀ ਬਸ ਨਹੀਂ ਕਿੰਨਰ ਕੁੱਟਮਾਰ ਕਰਦੇ ਹੋਏ ਦੋਵਾਂ ਦੇ ਵਾਲ ਤਕ ਕੱਟ ਦਿੰਦੇ ਹਨ। ਕੁੱਟਮਾਰ ਕਰ ਰਹੇ ਕਿੰਨਰਾਂ ਨਾਲ ਇਕ ਨੌਜਵਾਨ ਵੀ ਕੁੱਟਮਾਰ ਕਰਦਾ ਦਿਖਾਈ ਦੇ ਰਿਹਾ ਹੈ। ਇਸ ਘਟਨਾ ਦੀ ਬਕਾਇਦਾ ਵੀਡੀਓ ਵੀ ਬਣਾਈ ਗਈ, ਜਿਸ ਨੂੰ ਬਾਅਦ ਵਿਚ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ ਗਿਆ।

ਦਰਅਸਲ ਇਹ ਵੀਡੀਓ ਲੁਧਿਆਣਾ ਦੇ ਸਟਾਰ ਸਿਟੀ ਇਲਾਕੇ ਦੀ ਹੈ ਅਤੇ ਜਿਸ ਦੀ ਕੁੱਟਮਾਰ ਕੀਤੀ ਗਈ ਹੈ, ਉਸ ਦਾ ਨਾਂ ‘ਦੀਵਾਨੀ ਜੱਟੀ’ ਹੈ। ਇਨ੍ਹਾਂ ਵਿਚ ਵਿਵਾਦ ਵਧਾਈ ਨੂੰ ਲੈ ਕੇ ਖੜ੍ਹਾ ਹੋਇਆ ਸੀ ਅਤੇ ਕੁੱਟਮਾਰ ਕਰਨ ਵਾਲੇ ਕਿੰਨਰਾਂ ਦਾ ਦੋਸ਼ ਹੈ ਕਿ ਦੀਵਾਲੀ ਜੱਟੀ ਨੇ ਉਨ੍ਹਾਂ ਦੇ ਇਲਾਕੇ ਵਿਚ ਆ ਕੇ 25000 ਰੁਪਏ ਦੀ ਵਧਾਈ ਲਈ ਸੀ, ਜਿਸ ਕਾਰਨ ਉਨ੍ਹਾਂ ਨੇ ਉਕਤ ਕਿੰਨਰ ਦੀ ਕੁੱਟਮਾਰ ਕੀਤੀ ਹੈ।  ਉਧਰ ਦੂਜੇ ਪਾਸੇ ਪੀੜਤ ਕਿੰਨਰ ‘ਦੀਵਾਨੀ ਜੱਟੀ’ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਗਲਤੀ ਨਾਲ ਦੂਸਰੇ ਕਿੰਨਰ ਦੇ ਇਲਾਕ਼ੇ ਵਿਚ ਚਲੇ ਗਏ ਸੀ ਪਰ ਅਸੀਂ ਉਨ੍ਹਾ ਦੇ ਇਲਾਕੇ ਵਿਚ ਵਧਾਈ ਨਹੀਂ ਮੰਗੀ। ਦੀਵਾਨੀ ਜੱਟੀ ਨੇ ਦੂਜੇ ਕਿੰਨਰਾਂ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਮੇਰੇ ਵਾਲ ਕੱਟ ਦਿੱਤੇ ਅਤੇ ਥੱਪੜਾਂ, ਡੰਡਿਆਂ ਅਤੇ ਝਾੜੂਆਂ ਨਾਲ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਅਤੇ ਜ਼ਬਰਦਸਤੀ ਮਨਵਾਇਆ ਕਿ ਉਹ 25 ਹਜ਼ਾਰ ਰੁਪਏ ਵਧਾਈ ਲੈ ਕੇ ਗਈ ਹੈ। 

ਦੀਵਾਨੀ ਜੱਟੀ ਨੇ ਕਿਹਾ ਕਿ ਉਸਦੇ ਸਾਥੀ ਦੇ ਵੀ ਢਿੱਡ ਵਿਚ ਲੱਤਾਂ ਮਾਰੀਆਂ ਗਈਆਂ ਹਨ ਜਿਸ ਕਾਰਨ ਉਸਨੂੰ ਪੇਸ਼ਾਬ ਕਰਨ ਵੇਲੇ ਦਿੱਕਤ ਹੋ ਰਹੀ ਹੈ। ਉਨ੍ਹਾ ਕਿਹਾ ਕਿ ਦੂਜੇ ਕਿੰਨਰਾਂ ਨੇ ਕੁੱਟਮਾਰ ਕਰਕੇ 25 ਹਜ਼ਾਰ ਰੁਪਏ ਅਤੇ ਹੋਰ ਸਮਾਨ ਵੀ ਲੈ ਗਏ। ਉਨ੍ਹਾ ਕਿਹਾ ਕਿ ਉਹ ਪੁਲਸ ਕਮਿਸ਼ਨਰ ਲੁਧਿਆਣਾ ਨੂੰ ਮੁਲਜ਼ਮਾਂ ਖ਼ਿਲਾਫ ਦਰਖਾਸਤ ਦੇਣ ਜਾ ਰਹੀ ਹੈ ਤਾਂ ਕਿ ਉਸਨੂੰ ਇਨਸਾਫ਼ ਮਿਲ ਸਕੇ। ਉਕਤ ਨੇ ਕਿਹਾ ਕਿ ਉਸ ਨੂੰ ਮੁਲਜ਼ਮਾਂ ਪਾਸੋਂ ਜਾਨ ਦਾ ਖ਼ਤਰਾ ਹੈ, ਜੇਕਰ ਉਸ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੇ ਜ਼ਿੰਮੇਵਾਰ ਮੁਲਜ਼ਮ ਹੀ ਹੋਣਗੇ।

Leave a Reply