ਮੌਸਮ ਵਿਭਾਗ ਨੇ ਕੀਤੀ ਮੀਂਹ ਦੀ ਭਵਿੱਖਬਾਣੀ, ਆਉਣ ਵਾਲੇ ਦਿਨਾਂ ’ਚ ਫਿਰ ਬਦਲੇਗਾ ਮੌਸਮ

ਚੰਡੀਗੜ੍ਹ : ਆਉਣ ਵਾਲੇ ਦਿਨਾਂ ’ਚ ਇੱਕ ਵਾਰ ਫਿਰ ਮੌਸਮ ਵਿੱਚ ਬਦਲਾਅ ਦੇਖਣ ਦੀ ਉਮੀਦ ਹੈ। ਭਾਰਤੀ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਦੌਰਾਨ ਦੇਸ਼ ਦੇ ਕਈ ਹਿੱਸਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। ਮੌਸਮ ਵਿਭਾਗ ਮੁਤਾਬਕ 15 ਤੋਂ 17 ਮਾਰਚ ਤੱਕ ਦੱਖਣੀ ਭਾਰਤ, ਮੱਧ ਭਾਰਤ, ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਦੇ ਕਈ ਸੂਬਿਆਂ ਵਿਚ ਗੜੇਮਾਰੀ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਆਈ. ਐੱਮ. ਡੀ. ਅਨੁਸਾਰ ਹੇਠਲੇ ਟਰਪੋਸਫੇਅਰਿਕ ਪੱਧਰਾਂ ਵਿਚ ਇਕ ਚੱਕਰਵਾਤੀ ਸਰਕੂਲੇਸ਼ਨ ਦੱਖਣੀ ਅਸਾਮ ਅਤੇ ਇਸ ਦੇ ਨੇੜਲੇ ਇਲਾਕਿਆਂ ਵਿਚ ਬਣ ਰਿਹਾ ਹੈ। ਇਸ ਕਾਰਨ ਉਪ-ਹਿਮਾਲੀਅਨ, ਪੱਛਮੀ ਬੰਗਾਲ, ਸਿੱਕਮ ਅਤੇ ਉੱਤਰ-ਪੂਰਬੀ ਭਾਰਤ ਵਿਚ 14 ਮਾਰਚ ਤੱਕ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਕਈ ਥਾਵਾਂ ’ਤੇ ਮੀਂਹ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਮੁਤਾਬਕ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਸਮੇਤ ਕਈ ਸੂਬਿਆਂ ਵਿਚ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਵਿਭਾਗ ਨੇ ਕਿਹਾ ਕਿ 16 ਅਤੇ 17 ਮਾਰਚ ਨੂੰ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ’ਚ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਉੱਤਰ-ਪੂਰਬ ਦੇ ਕਈ ਸੂਬਿਆਂ ਵਿਚ 15 ਮਾਰਚ ਨੂੰ ਗੜੇ ਪੈ ਸਕਦੇ ਹਨ। ਮੌਸਮ ਵਿਭਾਗ ਮੁਤਾਬਕ ਹੇਠਲੇ ਟ੍ਰੋਪੋਸਫੈਰਿਕ ਪੱਧਰਾਂ ਵਿਚ ਵੀ ਇਕ ਪੱਛਮੀ ਗੜਬੜੀ ਅਤੇ ਇਕ ਚੱਕਰਵਾਤੀ ਸਰਕੂਲੇਸ਼ਨ ਕਾਰਣ ਦੱਖਣ-ਪੱਛਮੀ ਰਾਜਸਥਾਨ ਅਤੇ ਇਸਦੇ ਆਸਪਾਸ ਮੀਂਹ ਦੀ ਕਾਰਵਾਈ ਹੋ ਸਕਦੀ ਹੈ। ਇਸ ਦੇ ਪ੍ਰਭਾਵ ਕਾਰਨ ਅਗਲੇ ਕੁਝ ਦਿਨਾਂ ’ਚ ਪੱਛਮੀ ਹਿਮਾਲੀਅਨ ਖੇਤਰ ’ਚ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਆਪਣੇ ਬੁਲੇਟਿਨ ਵਿਚ ਕਿਹਾ ਹੈ ਕਿ ਪੱਛਮੀ ਹਿਮਾਲੀਅਨ ਖੇਤਰ ਵਿਚ ਗਰਜ ਅਤੇ ਬਿਜਲੀ ਦੇ ਨਾਲ ਮੀਂਹ ਦੀ ਸੰਭਾਵਨਾ ਹੈ।

Leave a Reply