ਓਵਰਡੋਜ਼ ਕਾਰਨ 25 ਸਾਲਾ ਨੌਜਵਾਨ ਦੀ ਮੌਤ

ਬਟਾਲਾ: ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਪਿੰਡ ਸ਼ੇਖੂਪੁਰ ਕਲਾਂ ਦੇ ਸਰਪੰਚ ਜਸਬੀਰ ਸਿੰਘ ਅਤੇ ਕਿਰਪਾਲ ਸਿੰਘ ਬੱਲ ਪਾਖਰਪੁਰਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਰਹਿਣ ਵਾਲਾ 25 ਸਾਲਾ ਨੌਜਵਾਨ ਗੁਰਜੀਤ ਸਿੰਘ ਪੁੱਤਰ ਹਰਭਜਨ ਸਿੰਘ ਜੋ ਕਿ ਨਸ਼ੇ ਦਾ ਆਦੀ ਸੀ, ਨੇ ਨਸ਼ੇ ਦੀ ਓਵਰਡੋਜ਼ ਲੈ ਲਈ, ਜਿਸ ਨਾਲ ਉਸ ਨੂੰ ਇਲਾਜ ਲਈ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ।

ਸਰਪੰਚ ਜਸਬੀਰ ਸਿੰਘ ਨੇ ਐੱਸ. ਐੱਸ. ਪੀ. ਬਟਾਲਾ ਅਸ਼ਵਿਨੀ ਗੋਟਿਆਲ ਤੋਂ ਮੰਗ ਕੀਤੀ ਕਿ ਦਿਹਾਤੀ ਖੇਤਰ ਵਿਚ ਹੁੰਦੀ ਨਸ਼ਿਆਂ ਦੀ ਵਿਕਰੀ ’ਤੇ ਤੁਰੰਤ ਰੋਕ ਲਗਾਈ ਜਾਵੇ ਅਤੇ ਮੌਤ ਦੇ ਮੂੰਹ ਵਿਚ ਨਸ਼ਿਆਂ ਕਾਰਨ ਜਾ ਰਹੇ ਨੌਜਵਾਨਾਂ ਨੂੰ ਬਚਾਇਆ ਜਾ ਸਕੇ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਾਹਨੇਵਾਲ ਅਧੀਨ ਆਉਂਦੇ ਪਿੰਡ ’ਚ ਇਕ ਹੋਰ ਨੌਜਵਾਨ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਨੌਜਵਾਨ ਪਿੰਡ ਚੌਂਤਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗੇਟ ਦੇ ਸਾਹਮਣੇ ਮ੍ਰਿਤਕ ਹਾਲਤ ’ਚ ਮਿਲਿਆ, ਜਿਸ ਦੇ ਹੱਥ ਦੀ ਨਾੜੀ ’ਚ ਇੰਜੈਕਸ਼ਨ ਲੱਗਾ ਹੋਇਆ ਸੀ। ਮ੍ਰਿਤਕ ਦੀ ਪਛਾਣ ਦੀਸ਼ਾ (30) ਪੁੱਤਰ ਕੁੰਦਨ ਵਾਸੀ ਪਿੰਡ ਢੋਲਣਵਾਲ ਦੇ ਰੂਪ ’ਚ ਹੋਈ ਹੈ। ਮ੍ਰਿਤਕ ਤਿੰਨ ਭਰਾਵਾਂ ਅਤੇ ਇਕ ਭੈਣ ’ਚ ਸਭ ਤੋਂ ਛੋਟਾ ਸੀ।

Leave a Reply