ਜ਼ਿਮਨੀ ਚੋਣ ਲਈ ਟਿਕਟ ਮਿਲਣ ਮਗਰੋਂ ਜਲੰਧਰ ਪਹੁੰਚਣ ‘ਤੇ ਕਰਮਜੀਤ ਕੌਰ ਚੌਧਰੀ ਦਾ ਵੱਡਾ ਬਿਆਨ
ਜਲੰਧਰ : ਜਲੰਧਰ ਦੇ ਸਾਬਕਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦਾ ਭਾਰਤ ਜੋੜੋ ਯਾਤਰਾ ਦੌਰਾਨ 14 ਜਨਵਰੀ ਨੂੰ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਦਿਹਾਂਤ ਮਗਰੋਂ ਇਹ ਸੀਟ ਖਾਲੀ ਪਈ ਹੈ, ਜਿੱਥੇ ਚੋਣ ਕਮਿਸ਼ਨ ਵੱਲੋਂ ਜਲਦੀ ਹੀ ਜ਼ਿਮਨੀ ਚੋਣ ਕਰਵਾਈ ਜਾਵੇਗੀ। ਕਾਂਗਰਸ ਪਾਰਟੀ ਨੇ ਜ਼ਿਮਨੀ ਚੋਣ ਤੋਂ ਪਹਿਲਾਂ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਨੂੰ ਦੋ ਦਿਨ ਪਹਿਲਾਂ ਹੀ ਟਿਕਟ ਦੇ ਕੇ ਚੋਣ ਅਖਾੜੇ ਵਿਚ ਉਤਾਰਿਆ ਹੈ। ਟਿਕਟ ਮਿਲਣ ਮਗਰੋਂ ਅੱਜ ਕਰਮਜੀਤ ਕੌਰ ਜਲੰਧਰ ਪਹੁੰਚੇ, ਜਿੱਥੇ ਵਰਕਰਾਂ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ।
ਉਥੇ ਹੀ ਵਿਕਰਮਜੀਤ ਸਿੰਘ ਚੌਧਰੀ ਨੇ ਕਿਹਾ ਕਿ ਉਹ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਕਿ ਪਾਰਟੀ ਨੇ ਉਨ੍ਹਾਂ ਦੀ ਮਾਤਾ ਲਈ ਜ਼ਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਵੱਲੋਂ ਕੈਂਡੀਕੇਟ ਬਣਾਇਆ ਹੈ। ਉਨ੍ਹਾਂ ਕਿਹਾ ਕਿ ਜਲੰਧਰ ਸ਼ਹਿਰ ਦੀ ਡਿਵੈੱਲਪਮੈਂਟ ਦਾ ਕੰਮ ਉਨ੍ਹਾਂ ਦੇ ਪਿਤਾ ਸੰਤੋਖ ਸਿੰਘ ਚੌਧਰੀ ਨੇ ਕਰਵਾਇਆ ਸੀ ਅਤੇ ਉਹ ਇਸ ਕੰਮ ਨੂੰ ਜਾਰੀ ਰੱਖਣਗੇ। ਉਥੇ ਹੀ ਮਾਨ ਸਰਕਾਰ ‘ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਚੋਣਾਂ ਵਿਚ ਧੱਕੇਸ਼ਾਹੀ ਕਰ ਸਕਦੀ ਹੈ। ਇਸ ਸਮੇਂ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸ਼ੁਰੂ ਤੋਂ ਹੀ ਇਹ ਸੀਟ ਕਾਂਗਰਸ ਪਾਰਟੀ ਦੀ ਰਹੀ ਹੈ ਅਤੇ ਇਸ ਵਾਰ ਇਹ ਸੀਟ ਕਾਂਗਰਸ ਪਾਰਟੀ ਹੀ ਜਿੱਤੇਗੀ।
ਉਨ੍ਹਾਂ ਕਿਹਾ ਕਿ ਪੰਜਾਬ ‘ਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਅਤੇ ਅਪਰਾਧਿਕ ਘਟਨਾਵਾਂ ਨੂੰ ਵਾਧਾ ਦਿੰਦੇ ਹੋਏ ਅਧਿਕਾਰੀਆਂ ਤੋਂ ਗਲਤ ਕੰਮ ਕਰਵਾ ਰਹੀ ਹੈ। ਇਕ ਨਿੱਜੀ ਚੈਨਲ ‘ਤੇ ਲਾਰੈਂਸ ਬਿਸ਼ਨੋਈ ਦਾ ਟੀ. ਵੀ. ਇੰਟਰਵਿਊ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਜੇਲ੍ਹ ਦੇ ਅੰਦਰੋਂ ਮੋਬਾਇਲ ਮਿਲਣਾ ਆਮ ਗੱਲ ਹੋ ਚੁੱਕੀ ਹੈ ਅਤੇ ਇਸ ਤੋਂ ਇਹ ਸਾਬਤ ਹੁੰਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅਪਰਾਧੀਆਂ ‘ਤੇ ਨਕੇਲ ਕੱਸਣ ਵਿਚ ਅਸਫ਼ਲ ਹੋ ਚੁੱਕੀ ਹੈ ਅਤੇ ਇਨ੍ਹਾਂ ਕੋਲ ਜਵਾਬ ਦੇਣ ਲਈ ਕੁਝ ਨਹੀਂ ਹੈ।