ਸੜਕ ਹਾਦਸੇ ਵਿੱਚ ਆਈਲੈਟਸ ਵਾਲੀ ਕੁੜੀ ਦੀ ਮੌਤ
ਨਾਭਾ : ਨਾਭਾ ਵਿਖੇ ਤੇਜ਼ ਰਫ਼ਤਾਰ ਟਰੱਕ ਵਲੋਂ ਦਰੜਨ ਕਾਰਣ 19 ਸਾਲਾ ਕੁੜੀ ਦੀ ਮੌਤ ਹੋ ਗਈ। ਮ੍ਰਿਤਕ ਲੜਕੀ ਸ਼ਰਨਦੀਪ ਕੌਰ ਹੰਢਿਆਇਆ ਬਰਨਾਲਾ ਦੀ ਰਹਿਣ ਵਾਲੀ ਸੀ ਅਤੇ ਨਾਭਾ ਵਿਖੇ ਰਿਸ਼ਤੇਦਾਰੀ ਵਿਚ ਆਈਲੈਟਸ ਦਾ ਕੋਰਸ ਕਰ ਰਹੀ ਸੀ। ਉਸ ਦਾ ਸੁਫ਼ਨਾ ਸੀ ਕਿ ਉਹ ਆਈਲੈਟਸ ਕਰਕੇ ਆਪਣੇ ਪੈਰਾਂ ’ਤੇ ਖੜ੍ਹੀ ਹੋ ਸਕੇ ਪਰ ਤੇਜ਼ ਰਫਤਾਰ ਟਰੱਕ ਨੇ ਸ਼ਰਨਜੀਤ ਦੇ ਸਾਰੇ ਸੁਫ਼ਨੇ ਚਕਨਾਚੂਰ ਕਰ ਦਿੱਤੇ। ਸ਼ਰਨਜੀਤ ਕੌਰ ਜਦੋਂ ਆਪਣੇ ਰਿਸ਼ਤੇਦਾਰ ਨਾਲ ਆਈਲੈਟਸ ਸੈਂਟਰ ਜਾ ਰਹੀ ਸੀ ਤਾਂ ਇਸ ਦੌਰਾਨ ਜਦੋਂ ਉਹ ਘਰ ਤੋਂ ਕੁਝ ਦੂਰੀ ਤੋਂ ਮੇਨ ਰੋਡ ’ਤੇ ਪਹੁੰਚੇ ਤਾਂ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਨੂੰ ਫੇਟ ਮਾਰ ਦਿੱਤੀ ਅਤੇ ਸਕੂਟਰੀ ਚਾਲਕ ਰਿਸ਼ਤੇਦਾਰ ਇਕ ਪਾਸੇ ਡਿੱਗ ਗਿਆ ਅਤੇ ਸ਼ਰਨਜੀਤ ਕੌਰ ਟਰੱਕ ਦੇ ਵਿਚ ਆ ਗਈ ਅਤੇ ਉਸ ਨੇ ਉਥੇ ਹੀ ਦਮ ਤੋੜ ਦਿੱਤਾ।
ਇਸ ਮੌਕੇ ’ਤੇ ਪ੍ਰਤੱਖਦਰਸ਼ੀ ਕਰਮਜੀਤ ਨੇ ਦੱਸਿਆ ਕਿ ਇਹ ਲੜਕੀ ਆਈਲੈਟਸ ਸੈਂਟਰ ਵਿਖੇ ਆਪਣੇ ਰਿਸ਼ਤੇਦਾਰ ਨਾਲ ਜਾ ਰਹੀ ਸੀ ਤਾਂ ਰਸਤੇ ਵਿਚ ਤੇਜ਼ ਰਫਤਾਰ ਟਰੱਕ ਨੇ ਇਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਕੁੜੀ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਐਕਟਿਵਾ ਚਾਲਕ ਵਾਲ-ਵਾਲ ਬਚ ਗਿਆ। ਉਧਰ ਸਰਕਾਰੀ ਹਸਪਤਾਲ ਦੇ ਐੱਸ. ਐੱਮ. ਓ. ਸੰਜੇ ਗੋਇਲ ਨੇ ਦੱਸਿਆ ਕਿ ਜੋ 19 ਸਾਲਾ ਲੜਕੀ ਸ਼ਰਨਦੀਪ ਮ੍ਰਿਤਕ ਹੀ ਸਾਡੇ ਕੋਲ ਆਈ ਸੀ ਅਤੇ ਜੋ ਰਿਸ਼ਤੇਦਾਰ ਉਸ ਦੀ ਹਾਲਤ ਠੀਕ ਹੈ। ਮ੍ਰਿਤਕ ਦੀ ਲਾਸ਼ ਨੂੰ ਮੋਰਚਰੀ ਰਖਵਾ ਦਿੱਤਾ ਗਿਆ ਹੈ।