ਮੋਗਾ ਦੇ ਵਪਾਰੀ ਵੱਲੋਂ ‘ਖ਼ੁਦਕੁਸ਼ੀ’

ਮੋਗਾ (ਗੋਪੀ/ਕਸ਼ਿਸ਼) : ਮੋਗਾ ਦੇ ਇੱਕ ਵਪਾਰੀ ਨੇ ਕਰੋੜਾਂ ਰੁਪਏ ਦੇ ਕਰਜ਼ੇ ਤੋਂ ਤੰਗ ਆ ਕੇ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਜ਼ਿਕਰਯੋਗ ਹੈ ਕਿ ਕਰੀਬ ਤਿੰਨ ਦਿਨਾਂ ਤੋਂ ਲਾਪਤਾ ਵਪਾਰੀ ਦੀ ਲਾਸ਼ ਪੁਲਸ ਨੇ ਬੁੱਧਵਾਰ ਨੂੰ ਬਾਘਾਪੁਰਾਣਾ ਕਸਬਾ ਚੰਨੂੰਵਾਲਾ ਨਹਿਰ ਦੇ ਪੁਲ ਨੇੜਿਓਂ ਬਰਾਮਦ ਕੀਤੀ। ਮ੍ਰਿਤਕ ਦੀ ਪਛਾਣ ਤਰੁਣ ਨਰੂਲਾ (37) ਵਾਸੀ ਜਵਾਹਰ ਨਗਰ ਵਜੋਂ ਹੋਈ ਹੈ ਤੇ ਉਹ ਚੌਲਾਂ ਦਾ ਵਪਾਰ ਕਰਦਾ ਸੀ, ਜਿਸ ਵਿੱਚ ਉਹ ਛੋਟੇ ਵਪਾਰੀਆਂ ਤੋਂ ਚੌਲ ਖ਼ਰੀਦ ਕੇ ਵੱਡੇ ਵਪਾਰੀਆਂ ਨੂੰ ਸਪਲਾਈ ਕਰਦਾ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਥੁਰਾਦਾਸ ਸਿਵਲ ਹਸਪਤਾਲ ਦੇ ਪੋਸਟਮਾਰਟਮ ਹਾਊਸ ‘ਚ ਭੇਜ ਦਿੱਤਾ ਹੈ। ਇਸ ਮਾਮਲੇ ‘ਚ ਪੁਲਸ ਨੂੰ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ ‘ਚ ਤਰੁਣ ਨੇ ਲਿਖਿਆ ਹੈ ਕਿ ਮੈਂ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਰਿਹਾ ਹੈ, ਇਸ ਲਈ ਮੇਰੇ ਪਰਿਵਾਰ ਨੂੰ ਕੋਈ ਵੀ ਪਰੇਸ਼ਾਨ ਨਾ ਕਰੇ।

ਇਸ ਸਬੰਧੀ ਥਾਣਾ ਸਿਟੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ ‘ਚ ਮ੍ਰਿਤਕ ਦੀ ਪਤਨੀ ਸ਼ਿਲਪਾ ਨਰੂਲਾ ਨੇ ਦੱਸਿਆ ਕਿ ਉਸ ਦਾ ਪਤੀ 12 ਮਾਰਚ ਨੂੰ ਬਿਨਾਂ ਕੁਝ ਦੱਸੇ ਘਰੋਂ ਚਲਾ ਗਿਆ ਸੀ। ਬੁੱਧਵਾਰ ਸਵੇਰੇ ਪੁਲਸ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਸਦੇ ਪਤੀ ਦੀ ਲਾਸ਼ ਚੰਨੂੰਵਾਲਾ ਨਹਿਰ ਦੇ ਪੁਲ ਕੋਲੋਂ ਬਰਾਮਦ ਹੋ ਗਈ ਹੈ। ਸ਼ਿਲਪਾ ਨੇ ਦੱਸਿਆ ਕਿ ਉਸਦੇ ਪਤੀ ਨੇ ਕਾਰੋਬਾਰ ਦੇ ਸਿਲਸਿਲੇ ‘ਚ ਕੁਝ ਲੋਕਾਂ ਤੋਂ ਕਰਜ਼ਾ ਲਿਆ ਸੀ। ਮੌਜੂਦਾ ਸਮੇਂ ਵਿੱਚ ਇਹ ਕਰਜ਼ਾ ਵਧ ਕੇ ਕਰੋੜਾਂ ਰੁਪਏ ਹੋ ਗਿਆ ਸੀ। ਕਾਰੋਬਾਰ ਵਿੱਚ ਘਾਟੇ ਕਾਰਨ ਉਹ ਲੰਮੇ ਸਮੇਂ ਤੋਂ ਕਰਜ਼ਾ ਮੋੜਨ ਤੋਂ ਅਸਮਰੱਥ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ।

ਕਰੀਬ ਛੇ ਮਹੀਨੇ ਪਹਿਲਾਂ ਵੀ ਤਰੁਣ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਸਮੇਂ ਤੁਰੰਤ ਇਲਾਜ ਨਾਲ ਉਸ ਦਾ ਬਚਾਅ ਹੋ ਗਿਆ ਸੀ। ਉਸ ਸਮੇਂ ਕੁਝ ਕਾਰੋਬਾਰੀਆਂ ਨੇ ਦਖ਼ਲ ਦੇ ਕੇ ਮਾਮਲਾ ਇਸ ਗੱਲ ‘ਤੇ ਸੁਲਝਾਇਆ ਕਿ ਕੋਈ ਵੀ ਕਰਜ਼ਾ ਦੇਣ ਵਾਲਾ ਤਰੁਣ ਨੂੰ ਪਰੇਸ਼ਾਨ ਨਹੀਂ ਕਰੇਗਾ, ਉਹ ਥੋੜ੍ਹਾ-ਥੋੜ੍ਹਾ ਕਰਕੇ ਵਾਪਸ ਕਰੇਗਾ। ਇਸ ਤੋਂ ਬਾਅਦ ਕੁਝ ਮਹੀਨਿਆਂ ਤੱਕ ਮਾਮਲਾ ਠੀਕ ਰਿਹਾ, ਬਾਅਦ ‘ਚ ਉਹ ਫਿਰ ਪਰੇਸ਼ਾਨ ਹੋਣ ਲੱਗਾ। ਤਿੰਨ ਦਿਨ ਪਹਿਲਾਂ ਉਹ ਬਿਨਾਂ ਦੱਸੇ ਘਰੋਂ ਚਲਾ ਗਿਆ ਅਤੇ ਬੁੱਧਵਾਰ ਨੂੰ ਉਸ ਦੀ ਲਾਸ਼ ਪੁਲਸ ਨੇ ਨਹਿਰ ਵਿੱਚੋਂ ਬਰਾਮਦ ਕੀਤੀ ਸੀ। ਹੁਣ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ 174 ਤਹਿਤ ਕਾਰਵਾਈ ਕਰਕੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।

Leave a Reply