ਪੰਜਾਬਫੀਚਰਜ਼

CM ਖ਼ਿਲਾਫ਼ ਚੋਣ ਲੜੀ ਹੈ, ਇਹ ਤਾਂ ਝੱਲਣਾ ਹੀ ਪਵੇਗਾ: ਦਲਵੀਰ ਗੋਲਡੀ

ਸੰਗਰੂਰ : ਸੰਗਰੂਰ ਵਿਜੀਲੈਂਸ ਬਿਊਰੋ ਵੱਲੋਂ ਧੂਰੀ ਤੋਂ ਸਾਬਕਾ ਕਾਂਗਰਸੀ ਵਿਧਾਇਕ ਦਲਵੀਰ ਸਿੰਘ ਗੋਲਡੀ ਨੂੰ ਤਲਬ ਕੀਤਾ ਗਿਆ ਤੇ ਅੱਜ ਉਨ੍ਹਾਂ ਨੂੰ ਪੁੱਛਗਿੱਛ ਲਈ ਵਿਜੀਲੈਂਸ ਦਫ਼ਤਰ ਬੁਲਾਇਆ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਹੋਣ ਦੇ ਮਾਮਲੇ ‘ਚ ਉਨ੍ਹਾਂ ਨੂੰ ਤਲਬ ਕੀਤੀ ਗਿਆ ਹੈ। ਵਿਜੀਲੈਂਸ ਦੇ ਸੂਤਰਾਂ ਮੁਤਾਬਕ ਵਿਜੀਲੈਂਸ ਨੇ ਇਕ ਮਹੀਨੇ ਪਹਿਲਾਂ ਹੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਵਿਜੀਲੈਂਸ ਵੱਲੋਂ ਤਲਬ ਕੀਤੇ ਜਾਣ ‘ਤੇ ਦਲਵੀਰ ਗੋਲਡੀ ਅੱਜ ਵਿਜੀਲੈਂਸ ਦਫ਼ਤਰ ਸੰਗਰੂਰ ਵਿਖੇ ਪਹੁੰਚੇ ਪਰ ਉਸ ਮੌਕੇ ਡੀ. ਜੀ. ਪੀ. ਉੱਥੇ ਮੌਜੂਦ ਨਾ ਹੋਣ ਦੇ ਚੱਲਦਿਆਂ ਉਨ੍ਹਾਂ ਕੋਲੋਂ ਕੋਈ ਪੁੱਛਗਿੱਛ ਨਹੀਂ ਕੀਤਾ ਗਈ।

ਇਸ ਮੌਕੇ ਗੱਲ ਕਰਦਿਆਂ ਸਾਬਕਾ ਵਿਧਾਇਕ ਨੇ ਕਿਹਾ ਕਿ ਬੀਤੇ ਦਿਨ ਮੈਨੂੰ ਨੋਟਿਸ ਮਿਲਿਆ ਕਿ ਕਿਸੇ ਸ਼ਿਕਾਇਤ ਦੇ ਸਿਲਸਿਲੇ ‘ਚ ਮੈਨੂੰ ਕੱਲ੍ਹ ਯਾਨੀ ਅੱਜ ਮੈਨੂੰ ਵਿਜੀਲੈਂਸ ਦਫ਼ਤਰ ਪੁੱਛਗਿੱਛ ਲਈ ਆਉਣਾ ਪਵੇਗਾ। ਅੱਜ ਮੈਂ ਇੱਥੇ ਪਹੁੰਚਿਆ ਹਾਂ ਪਰ ਇੱਥੇ ਡੀ. ਜੀ. ਪੀ. ਮੌਜੂਦ ਨਹੀਂ ਹਨ, ਜਿਸ ਦੇ ਕਾਰਨ ਮੈਂ ਵਾਪਸ ਜਾ ਰਿਹਾ ਹਾਂ ਅਤੇ ਵਿਜੀਲੈਂਸ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਕੁੱਝ ਦਿਨ ਬਾਅਦ ਮੁੜ ਤੋਂ ਜਾਂਚ ਲਈ ਬੁਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੈਂ ਅਧਿਕਾਰੀਆਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਕੇ ਸ਼ਿਕਾਇਤ ਕਿਸ ਸੰਬੰਧ ‘ਚ ਹੈ ਤਾਂ ਉਨ੍ਹਾਂ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ। ਦਲਵੀਰ ਗੋਲਡੀ ਨੇ ਕਿਹਾ ਕਿ ਮੈਂ ਖੁੱਲ੍ਹੀ ਕਿਤਾਬ ਹਾਂ ਤੇ ਹਰ ਜਾਂਚ ਦਾ ਸਾਹਮਣਾ ਕਰਨ ਨੂੰ ਤਿਆਰ ਹਾਂ। ਉਨ੍ਹਾਂ ਆਖਿਆ ਕਿ ਜਦੋਂ ਵਿਰੋਧੀ ਧਿਰ ‘ਚ ਹੋਵੋਂ ਤੇ ਮੁੱਖ ਮੰਤਰੀ ਦੇ ਖ਼ਿਲਾਫ਼ ਚੋਣ ਲੜੀ ਹੋਵੇ ਤਾਂ ਅਜਿਹਾ ਕੁਝ ਤਾਂ ਝੱਲਣਾ ਹੀ ਪਵੇਗਾ।

ਇਸ ਖ਼ਬਰ ਬਾਰੇ ਕੁਮੈਂਟ ਕਰੋ-