ਮਾਨਸਾ ’ਚ 6 ਸਾਲਾ ਮਾਸੂਮ ਉਦੈਵੀਰ ਦੇ ਕਤਲ ਕਾਂਡ ’ਚ ਨਵਾਂ ਮੋੜ, ਸਾਹਮਣੇ ਆਈ ਵੀਡੀਓ
ਮਾਨਸਾ : ਮਾਨਸਾ ਦੇ ਪਿੰਡ ਕੋਟਲੀ ਕਲਾਂ ‘ਚ 6 ਸਾਲਾ ਮਾਸੂਮ ਦੇ ਕਤਲ ਮੌਕੇ ਦੀ ਸੀ. ਸੀ. ਟੀ. ਵੀ. ਸਾਹਮਣੇ ਆਈ ਹੈ। ਸੀ. ਸੀ. ਟੀ. ਵੀ. ‘ਚ ਉਕਤ ਕਾਤਲਾਂ ਦੀਆਂ ਤਸਵੀਰਾਂ ਕੈਦ ਹੋ ਗਈਆਂ ਹਨ ਪਰ ਫਿਲਹਾਲ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਪੁਲਸ ਵੱਲੋਂ ਉਨ੍ਹਾਂ ਦੀ ਪਛਾਣ ਲਈ ਜਾਂਚ ਕੀਤੀ ਜਾ ਰਹੀ ਹੈ। ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ 6 ਸਾਲਾ ਮਾਸੂਮ ਉਦੈਵੀਰ ਬੀਤੀ ਰਾਤ 8 ਵਜੇ ਦੇ ਕਰੀਬ ਆਪਣੇ ਪਿਤਾ ਜਸਪ੍ਰੀਤ ਸਿੰਘ ਅਤੇ ਭੈਣ ਨਵਸੀਰਤ ਦਾ ਹੱਥ ਫੜ੍ਹ ਕੇ ਗਲ਼ੀ ‘ਚ ਆਪਣੇ ਘਰ ਵੱਲ ਜਾ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ 2 ਅਣਪਛਾਤੇ ਵਿਅਕਤੀ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ। ਪਿੱਛਾ ਕਰਦੇ-ਕਰਦੇ ਉਕਤ ਮੋਟਰਸਾਈਕਲ ਸਵਾਰਾਂ ਨੇ ਅੱਗੇ ਜਾ ਕੇ ਜਸਪ੍ਰੀਤ ਸਿੰਘ ‘ਤੇ ਗੋਲ਼ੀਆਂ ਚਲਾ ਦਿੱਤਾ, ਜਿਸ ਵਿੱਚੋਂ ਗੋਲੀ ਉਦੈਵੀਰ ਦੇ ਜਾ ਲੱਗੀ ਅਤੇ ਗੋਲ਼ੀ ਦੇ ਛੱਰੇ ਅੱਖ ‘ਚ ਲੱਗਣ ਕਾਰਨ ਉਸਦੀ ਭੈਣ ਨਵਸੀਰਤ ਵੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਈ, ਜਿਸ ਨੂੰ ਪੀ. ਜੀ. ਆਈ. ਰੈਫਰ ਕੀਤਾ ਗਿਆ ਹੈ।