ਪੰਜਾਬੀ ਦੌੜਾਕ ਦੀ ਚਾਰੇ ਪਾਸੇ ਚਰਚਾ, ਮਾਈਨਸ 7 ਡਿਗਰੀ ‘ਚ ਬਰਫ਼ੀਲੀ ਸੜਕ ’ਤੇ ਲਾਈ 21.1 ਕਿਲੋਮੀਟਰ ਦੌੜ

ਰੂਪਨਗਰ: ਸਮੁੰਦਰ ਤਲ ਤੋਂ ਲਗਭਗ 10 ਹਜ਼ਾਰ 235 ਫੁੱਟ ਦੀ ਉਚਾਈ ’ਤੇ ਜਿੱਥੇ ਤਾਪਮਾਨ ਮਾਈਨਸ 7 ਡਿਗਰੀ ਸੀ ’ਚ ਬੀਤੇ ਦਿਨੀਂ ਬਰਫ਼ ਦੀ ਮੈਰਾਥਨ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਭਾਰਤੀ ਫ਼ੌਜ ਦੇ ਜਵਾਨਾਂ, ਜਲ ਸੈਨਾ ਦੇ ਮਲਾਹਾਂ ਸਮੇਤ 300 ਤੋਂ ਵੱਧ ਦੌੜਾਕਾਂ ਨੇ ਹਿੱਸਾ ਲਿਆ। ਇਸ ਮੌਕੇ ਪੰਜਾਬ ਰੂਪਨਗਰ ਤੋਂ ਦੌੜਾਕ ਅਵਤਾਰ ਸਿੰਘ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਹੋਏ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਉਸ ਨੇ 21.1 ਕਿਲੋਮੀਟਰ ਦੀ ਦੌੜ ਬਰਫੀਲੀ ਸੜਕ ’ਤੇ 3 ਘੰਟੇ 59 ਮਿੰਟ ’ਚ ਪੂਰੀ ਕੀਤੀ।

ਇਸ ਮੌਕੇ ਦੌੜਾਕ ਅਵਤਾਰ ਸਿੰਘ ਨੂੰ ਲਾਹੌਲ ਸਪਿਤੀ ਦੇ ਸਹਾਇਕ ਕਮਿਸ਼ਨਰ ਡਾ. ਰੋਹਿਤ ਸ਼ਰਮਾ ਵੱਲੋਂ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਅਵਤਾਰ ਸਿੰਘ ਦੀ ਇਹ 300ਵੀਂ ਹਾਫ਼ ਮੈਰਾਥਨ ਅਤੇ ਬਰਫ਼ ਮੈਰਾਥਨ ਦੀ ਪਹਿਲੀ ਦੌੜ ਸੀ। ਮਿਲੀ ਜਾਣਕਾਰੀ ਅਨੁਸਾਰ ਮੈਰਾਥਨ ਲਈ ਚੰਦਰਾ ਨਦੀ ਦੇ ਖੱਬੇ ਕੰਢੇ ਵਾਲੇ ਸਸਪੈਂਸ਼ਨ ਬ੍ਰਿਜ, ਸਿਸੂ ਨਰਸਰੀ ਤੋਂ ਆਯੋਜਿਤ ਸਥਾ ਤੱਕ ਟ੍ਰੈਕ ਤੈਅ ਕੀਤਾ ਗਿਆ ਸੀ। ਇਸ ਸਬੰਧੀ ਅਵਤਾਰ ਸਿੰਘ ਭਾਟੀਆ ਨੇ ਦੱਸਿਆ ਕਿ ਤਾਪਮਾਨ ਮਾਈਨਸ ਹੋਣ ਕਾਰਨ ਅਤੇ ਬਰਫ਼ ਦੀ ਮੈਰਾਥਨ ਦੀ ਉਚਾਈ ਸਮੁੰਦਰ ਤਲ ਤੋਂ 10 ਹਜ਼ਾਰ 235 ਫੁੱਟ ਹੋਣ ਕਾਰਨ ਉਸ ਦਾ ਸਾਹ ਘੁੱਟਣ ਲੱਗ ਪਿਆ ਸੀ ਪਰ ਉਸ ਨੇ ਫ਼ੌਜੀਆਂ ’ਚ ਦੌੜ ਕੇ ਖ਼ੁਸ਼ੀ ਮਹਿਸੂਸ ਕੀਤੀ ਅਤੇ ਪੰਜਾਬ ਲਈ ਮੈਡਲ ਵੀ ਪ੍ਰਾਪਤ ਕੀਤਾ।

ਉਨ੍ਹਾਂ ਦੱਸਿਆ ਕਿ ਬਰਫ਼ ਦੀ ਮੈਰਾਥਨ ਚੁਣੌਤੀਆਂ ਨਾਲ ਭਰੀ ਹੋਈ ਸੀ ਅਤੇ ਜਦੋਂ ਸਵੇਰੇ 6 ਵਜੇ ਦੌੜ ਸ਼ੁਰੂ ਹੋਈ ਤਾਂ ਤਾਪਮਾਨ ਮਾਈਨਸ 7 ਤੋਂ 10 ਡਿਗਰੀ ਤੱਕ ਸੀ ਅਤੇ ਆਕਸੀਜਨ ਦਾ ਪੱਧਰ ਵੀ ਬਹੁਤ ਘੱਟ ਸੀ ਅਤੇ ਦੌੜਾਕਾਂ ਦਾ ਖੂਨ ਵੀ ਜੰਮ ਰਿਹਾ ਸੀ। ਇਸ ਮੌਕੇ ਰੀਚ ਇੰਡੀਆ ਦੇ ਸੀ. ਈ. ਓ. ਰਾਜੀਵ ਕੁਮਾਰ, ਆਰਗੇਨਾਈਜ਼ਰ ਗੌਰਵ ਸ਼ਿਮਰ, ਰਾਜੇਸ਼ ਚੰਦ ਅਤੇ ਕਰਨਲ ਰਾਜਨ ਵੀ ਹਾਜ਼ਰ ਸਨ।

Leave a Reply