ਪੰਜਾਬੀ ਦੌੜਾਕ ਦੀ ਚਾਰੇ ਪਾਸੇ ਚਰਚਾ, ਮਾਈਨਸ 7 ਡਿਗਰੀ ‘ਚ ਬਰਫ਼ੀਲੀ ਸੜਕ ’ਤੇ ਲਾਈ 21.1 ਕਿਲੋਮੀਟਰ ਦੌੜ
ਰੂਪਨਗਰ: ਸਮੁੰਦਰ ਤਲ ਤੋਂ ਲਗਭਗ 10 ਹਜ਼ਾਰ 235 ਫੁੱਟ ਦੀ ਉਚਾਈ ’ਤੇ ਜਿੱਥੇ ਤਾਪਮਾਨ ਮਾਈਨਸ 7 ਡਿਗਰੀ ਸੀ ’ਚ ਬੀਤੇ ਦਿਨੀਂ ਬਰਫ਼ ਦੀ ਮੈਰਾਥਨ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਭਾਰਤੀ ਫ਼ੌਜ ਦੇ ਜਵਾਨਾਂ, ਜਲ ਸੈਨਾ ਦੇ ਮਲਾਹਾਂ ਸਮੇਤ 300 ਤੋਂ ਵੱਧ ਦੌੜਾਕਾਂ ਨੇ ਹਿੱਸਾ ਲਿਆ। ਇਸ ਮੌਕੇ ਪੰਜਾਬ ਰੂਪਨਗਰ ਤੋਂ ਦੌੜਾਕ ਅਵਤਾਰ ਸਿੰਘ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਹੋਏ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਉਸ ਨੇ 21.1 ਕਿਲੋਮੀਟਰ ਦੀ ਦੌੜ ਬਰਫੀਲੀ ਸੜਕ ’ਤੇ 3 ਘੰਟੇ 59 ਮਿੰਟ ’ਚ ਪੂਰੀ ਕੀਤੀ।
ਉਨ੍ਹਾਂ ਦੱਸਿਆ ਕਿ ਬਰਫ਼ ਦੀ ਮੈਰਾਥਨ ਚੁਣੌਤੀਆਂ ਨਾਲ ਭਰੀ ਹੋਈ ਸੀ ਅਤੇ ਜਦੋਂ ਸਵੇਰੇ 6 ਵਜੇ ਦੌੜ ਸ਼ੁਰੂ ਹੋਈ ਤਾਂ ਤਾਪਮਾਨ ਮਾਈਨਸ 7 ਤੋਂ 10 ਡਿਗਰੀ ਤੱਕ ਸੀ ਅਤੇ ਆਕਸੀਜਨ ਦਾ ਪੱਧਰ ਵੀ ਬਹੁਤ ਘੱਟ ਸੀ ਅਤੇ ਦੌੜਾਕਾਂ ਦਾ ਖੂਨ ਵੀ ਜੰਮ ਰਿਹਾ ਸੀ। ਇਸ ਮੌਕੇ ਰੀਚ ਇੰਡੀਆ ਦੇ ਸੀ. ਈ. ਓ. ਰਾਜੀਵ ਕੁਮਾਰ, ਆਰਗੇਨਾਈਜ਼ਰ ਗੌਰਵ ਸ਼ਿਮਰ, ਰਾਜੇਸ਼ ਚੰਦ ਅਤੇ ਕਰਨਲ ਰਾਜਨ ਵੀ ਹਾਜ਼ਰ ਸਨ।