ਪੁੱਤ ਨੂੰ ਕਾਲਜ ਵਲੋਂ ਮਿਲੇ ਸਨਮਾਨ ਮਗਰੋਂ ਭਾਵੁਕ ਹੋਈ ਚਰਨ ਕੌਰ, ਕਿਹਾ- ਲੋਕ ਸਿੱਧੂ ਨੂੰ ਬਦਨਾਮ ਕਰ ਸਕਦੇ ਨੇ ਪਰ ਨਾਕਾਮ ਨਹੀਂ
ਜਲੰਧਰ: ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਸਾਬਕਾ ਵਿਦਿਆਰਥੀ ਤੇ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਸਮਰਪਿਤ 2 ਦਿਨਾ ਸੱਭਿਆਚਾਰਕ ਮੇਲਾ ‘ਆਨੰਦ ਉਤਸਵ 2023’ ਬੀਤੇ ਦਿਨੀਂ ਸ਼ੁਰੂ ਹੋਇਆ ਹੈ। ਪ੍ਰੋਗਰਾਮ ’ਚ ਸੱਭਿਆਚਾਰਕ ਅਤੇ ਤਕਨੀਕ ਦੋਵਾਂ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੂਸੇਵਾਲਾ ਦੇ ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਬਲਕੌਰ ਸਿੰਘ ਅਤੇ ਚਰਨ ਕੌਰ ਆਪਣੇ ਪੁੱਤ ਦੀਆਂ ਕਾਲਜ ਦੀਆਂ ਯਾਦਾਂ ਨੂੰ ਸਾਂਝਾ ਕਰਦੇ ਹੋਏ ਭਾਵੁਕ ਹੋ ਗਏ। ਉਨ੍ਹਾਂ ਨਾਲ ਸਮਾਗਮ ’ਚ ਹਾਜ਼ਰ ਕਈ ਵਿਦਿਆਰਥੀ ਵੀ ਭਾਵੁਕ ਨਜ਼ਰ ਆਏ।
ਦੱਸਣਯੋਗ ਹੈ ਕਿ ਸਾਬਕਾ ਕੈਬਨਿਟ ਮੰਤਰੀ ਪੰਜਾਬ ਮਹੇਸ਼ਇੰਦਰ ਸਿੰਘ ਗਰੇਵਾਲ, ਗੁਰਚਰਨ ਸਿੰਘ ਗਰੇਵਾਲ ਸਕੱਤਰ ਐੱਸ. ਜੀ. ਪੀ. ਸੀ. ਅਤੇ ਟਰੱਸਟੀ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਅਤੇ ਇੰਦਰਪਾਲ ਸਿੰਘ ਡਾਇਰੈਕਟਰ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਨੇ ਸਿੱਧੂ ਦੇ ਮਾਤਾ-ਪਿਤਾ ਨੂੰ ਸਨਮਾਨਿਤ ਕੀਤਾ। ਸਿੱਧੂ ਵਲੋਂ ਬੀ. ਟੈੱਕ. ਦੌਰਾਨ ਤਿਆਰ ਕੀਤਾ ਗਿਆ ਇਕ ਪ੍ਰਾਜੈਕਟ ਵੀ ਯਾਦਗਾਰ ਵਜੋਂ ਉਨ੍ਹਾਂ ਨੂੰ ਭੇਟ ਕੀਤਾ।