ਗੋਲਡੀ ਬਰਾੜ ਦਾ ਪੁਲਸ ਨੂੰ ਚੈਲੰਜ, ਕਿਹਾ ਇਕ ਹਫ਼ਤੇ ’ਚ ਮਾਰਾਂਗੇ ਜੱਗੂ ਭਗਵਾਨਪੁਰੀਆ

ਚੰਡੀਗੜ੍ਹ : ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਅਤੇ ਲਾਰੈਂਸ ਗੈਂਗ ਨੂੰ ਵਿਦੇਸ਼ੋਂ ਆਪਰੇਟ ਕਰਨ ਵਾਲੇ ਖ਼ਤਰਨਾਕ ਗੈਂਗਸਟਰ ਗੋਲਡੀ ਬਰਾੜ ਨੇ ਚੈਲੰਜ ਕਰਕੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਇਕ ਹਫਤੇ ਵਿਚ ਮਾਰਨ ਦੀ ਧਮਕੀ ਦਿੱਤੀ ਹੈ। ਫੇਸਬੁੱਕ ’ਤੇ ਧਮਕੀ ਭਰੀ ਪਾਈ ਗਈ ਇਸ ਪੋਸਟ ਡੀ. ਐੱਸ. ਪੀ. ਵਿਕਰਮ ਬਰਾੜ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਧਮਕੀ ਦਿੱਤੀ ਗਈ ਹੈ। ਇਸ ਕਥਿਤ ਪੋਸਟ ਵਿਚ ਗੋਲਡੀ ਬਰਾੜ ਨੇ ਆਖਿਆ ਹੈ ਕਿ ਮੈਂ ਤੇ ਮੇਰਾ ਭਰਾ ਲਾਰੈਂਸ ਬਿਸ਼ਨੋਈ ਸਭ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਲੋਕ ਕਹਿ ਰਹੇ ਹਨ ਕਿ ਅਸੀਂ ਸਿੱਧੂ ਨੂੰ ਦੱਸ ਕੇ ਨਹੀਂ ਮਾਰਿਆ ਉਹ ਸੁਣ ਲੈਣ ਕਿ ਅਸੀਂ ਸਿੱਧਾ ਚੈਲੰਜ ਕਰਦੇ ਹਾਂ ਕਿ ਇਸ ਹਫਤੇ ਵਿਚ ਅਸੀਂ ਪਹਿਲਾਂ ਜੱਗੂ ਭਗਵਾਨਪੁਰੀਆ ਤੇ ਬਾਅਦ ਵਿਚ ਕੌਸ਼ਲ ਚੌਧਰੀ ਨੂੰ ਮਾਰਾਂਗੇ। ਜੋ ਕਿਸੇ ਨੇ ਕਰਨਾ ਹੈ ਕਰ ਲਵੇ। ਨਾ ਅਸੀਂ ਪਹਿਲਾਂ ਕਿਸੇ ਦੇ ਕਹਿਣ ’ਤੇ ਰੁਕੇ ਨਾ ਹੁਣ ਰੁਕਾਂਗੇ। ਬਾਕੀ ਇੰਟੈਲੀਜੈਂਸ ਦਾ ਤੇ ਸਭ ਨੂੰ ਪਤਾ ਹੀ ਆ, ਉਹ ਵਿਚਾਰੇ ਕੀ ਕਰ ਸਕਦੇ। ਅਸੀਂ ਗੋਇੰਦਵਾਲ ਜੇਲ੍ਹ ਵਿਚ ਕਾਂਡ ਕਰੇਕ ਸਭ ਸਾਫ ਕਰ ਦਿੱਤਾ ਹੈ ਕਿ ਅਸੀਂ ਕੀ ਕਰ ਸਕਦੇ ਹਾਂ।

ਬਾਕੀ ਜਿਹੜਾ ਡੀ. ਐੱਸ. ਪੀ. ਵਿਕਰਮ ਬਰਾੜ ਦੂਜੇ ਪੁਲਸ ਵਾਲਿਆਂ ਨੂੰ ਕਹਿੰਦਾ ਫਿਰਦਾ ਹੈ ਕਿ ਮੈਂ ਕਰੂੰ ਲਾਰੈਂਸ ਦਾ ਐਨਕਾਊਂਟਰ ਇਹ ਪਹਿਲਾਂ ਆਪਣਾ ਆਪ ਸਾਂਭ ਲਵੇ। ਹਵਾ ਵਿਚ ਨਾ ਉੱਡੇ ਜ਼ਿਆਦਾ। ਸਾਨੂੰ ਵੀ ਪਲ-ਪਲ ਦੀ ਖ਼ਬਰ ਮਿਲਦੀ ਰਹਿੰਦੀ। ਪੰਜਾਬ ਸਰਕਾਰ ਇਹ ਨਾ ਕਹੇ ਕਿ ਅਸੀਂ ਦੱਸਿਆ ਨਹੀਂ। ਲਗਾ ਲਵੋ ਜਿੰਨੀ ਸਕਿਓਰਿਟੀ ਲਗਾਉਣੀ ਆ ਇਨ੍ਹਾਂ ਉੱਪਰ। ਇਕ ਗੱਲ ਹੋਰ ਸੁਖਜਿੰਦਰ ਰੰਧਾਵਾ ਜੋ ਆਖ ਰਹੈ ਕਿ ਮੈਂ ਗੈਂਗਸਟਰਾਂ ਨੂੰ ਜੁੱਤੀ ਦੀ ਨੋਕ ’ਤੇ ਰੱਖਦਾ ਸੀ, ਉਹ ਵੀ ਸੁਣ ਲੈਣ ਸਾਡੇ ਕੋਲ ਬੋਲਣ ਲਈ ਬਹੁਤ ਕੁੱਝ ਹੈ ਸਾਨੂੰ ਬੋਲਣ ਨੂੰ ਮਜਬੂਰ ਨਾ ਕਰੋ।

ਕੀ ਕਿਹਾ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ

ਗੈਂਗਸਟਰ ਗੋਲਡੀ ਬਰਾੜ ਵੱਲੋਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਧਮਕੀ ਦਿੱਤੇ ਜਾਣ ’ਤੇ ਰੰਧਾਵਾ ਨੇ ਕਿਹਾ ਕਿ ਉਹ ਇਨ੍ਹਾਂ ਧਮਕੀਆਂ ਤੋਂ ਨਹੀਂ ਡਰਦੇ ਅਤੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਪੁੱਛਣਾ ਚਾਹੁੰਦੇ ਹਨ ਕਿ ਕੀ ਗੋਲਡੀ ਬਰਾੜ ਪੰਜਾਬ ਪੁਲਸ ਦੀ ਹਿਰਾਸਤ ’ਚ ਹੈ ਜਾਂ ਨਹੀਂ ਕਿਉਂਕਿ ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਗੋਲਡੀ ਬਰਾੜ ਨੂੰ ਅਮਰੀਕਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਜੇਕਰ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤਾਂ ਫਿਰ ਉਹ ਕਿੱਥੋਂ ਧਮਕੀ ਦੇ ਰਿਹਾ ਹੈ।

Leave a Reply