ਜੇ ਅੰਮ੍ਰਿਤਪਾਲ ਸਿੰਘ ਗ੍ਰਿਫਤਾਰ ਹੈ ਤਾਂ ਦੱਸਦੇ ਕਿਉਂ ਨਹੀਂ?

ਦਿਲਾਂ ਵਿੱਚ ਵਸ ਜਾਣ ਵਾਲੇ ਅੰਮ੍ਰਿਤਪਾਲ ਵੀਰ ਲਈ ਸਾਰਾ ਪੰਜਾਬ ਫ਼ਿਕਰਮੰਦ।
ਸਮੁਚੀ ਕੌਮ ਨੂੰ ਇਕੱਠੇ ਹੋਣ ਦਾ ਦਰਦਨਾਕ ਸੰਦੇਸ਼।
ਅਮਰੀਕਾ, ਕਨੇਡਾ, ਆਸਟ੍ਰੇਲੀਆ, ਇੰਗਲੈਂਡ ਅਤੇ ਦਰਜਨਾਂ ਮੁਲਕਾਂ ਵਿੱਚ
ਸਿਖਾਂ ਵਿੱਚ ਰੋਸ, ਅੰਮ੍ਰਿਤਪਾਲ ਦੀ ਚੜ੍ਹਦੀ ਕਲਾ ਲਈ ਅਰਦਾਸਾਂ।
-ਕਰਮਜੀਤ ਸਿੰਘ
ਚੰਡੀਗੜ੍ਹ: ਕੱਲ ਤੋਂ ਹੀ ਹਰ ਘਰ ਵਿਚ ਇਹ ਚਿੰਤਾ ਲੱਗੀ ਹੋਈ ਹੈ,ਹਰ ਘਰ ਵਿੱਚ ਇੱਕੋ ਸਵਾਲ ਹੈ ਕਿ ਆਖਰਕਾਰ ਅੰਮ੍ਰਿਤਪਾਲ ਸਿੰਘ ਕਿੱਥੇ ਹੈ?ਉਸ ਦੇ ਸਾਥੀਆਂ ਨਾਲ ਅਸਲ ਵਿੱਚ ਕੀ ਵਾਪਰਿਆ? ਪੁਲੀਸ ਖਾਮੋਸ਼ ਕਿਉਂ ਹੈ?
ਭਰੋਸੇਯੋਗ ਖਬਰਾਂ ਆ ਰਹੀਆਂ ਹਨ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ,ਪਰ ਪੁਲੀਸ ਉਸ ਨੂੰ “ਫ਼ਰਾਰ” ਦੱਸ ਰਹੀ ਹੈ। ਸ਼ਾਹਪੁਰ ਦੇ ਇਰਦ-ਗਿਰਦ ਪੁਲਿਸ ਨਾਕਾਬੰਦੀ ਦਾ ਵੱਡੀ ਪੱਧਰ ‘ਤੇ ਨਾਟਕ ਰਚ ਰਹੀ ਹੈ।ਸਰਚ ਅਪਰੇਸ਼ਨ ਦੀਆਂ ਗੱਲਾਂ ਚੱਲ ਰਹੀਆਂ ਹਨ ਅਤੇ ਪੰਜਾਬ ਪੁਲਿਸ ਅਤੇ ਨੀਮ ਫ਼ੌਜੀ ਦਸਤੇ ਗਸ਼ਤ ਕਰ ਰਹੇ ਹਨ।
ਪੁਲਿਸ ਆਪਣੇ ਸਾਧਨਾਂ ਰਾਹੀਂ ਚਹੇਤੇ ਪਤਰਕਾਰਾਂ ਅਤੇ ਚੈਨਲਾਂ ਨੂੰ ਇਸਤੇਮਾਲ ਕਰਕੇ ਮਨਭਾਉਂਦਾ ਬਿਰਤਾਂਤ ਸਿਰਜ ਰਹੀ ਹੈ ਤਾਂ ਜੋ ਅੰਮ੍ਰਿਤਪਾਲ ਸਿੰਘ ਨੂੰ ਰਜ ਕੇ ਬਦਨਾਮ ਕੀਤਾ ਜਾ ਸਕੇ। ਨੈਸ਼ਨਲ ਚੈਨਲ ਵੀ ਹਾਸੋਹੀਣੀਆਂ ਅਤੇ ਕਲਪਿਤ ਖਬਰਾਂ ਦੇ ਰਹੇ ਹਨ। ਇਕ ਖ਼ਬਰ ਬਾਰ ਬਾਰ ਦੋਹਰਾਈ ਜਾ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਆਈ ਐਸ ਆਈ ਦਾ ਏਜੰਟ ਸਿਧ ਹੋ ਚੁੱਕਾ ਹੈ ਜਦਕਿ ਇਹ ਗਲ ਏਨੀ ਘਸੀ ਪਿਟੀ ਹੋ ਚੁੱਕੀ ਹੈ ਕਿ ਹੁਣ ਇਸ ਦਾਅ ਅਤੇ ਦਾਅਵੇ ਦਾ ਹਰ ਕੋਈ ਮਜ਼ਾਕ ਉਡਾਉਂਦਾ ਹੈ।
ਤਰ੍ਹਾਂ ਤਰ੍ਹਾਂ ਦੀਆਂ ਖ਼ਬਰਾਂ ਵੀ ਅਫਵਾਹਾਂ ਦੀ ਤਰ੍ਹਾਂ ਫੈਲ ਰਹੀਆਂ ਹਨ।ਹੁਣ ਇਹ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਆਸਾਮ ਤਕ ਪਹੁੰਚਾ ਦਿੱਤਾ ਗਿਆ, ਐਪਰ ਕਾਰਨ ਨਹੀਂ ਦੱਸਿਆ ਜਾ ਰਿਹਾ।
ਸੋਸ਼ਲ ਮੀਡੀਆ ਸਰਕਾਰ ਦੀ ਅਲੋਚਨਾ ਨਾਲ ਭਰਿਆ ਪਿਆ ਹੈ, ਸਰਕਾਰ ਵਿਰੁੱਧ ਟਿਪਣੀਆਂ ਦੀ ਭਰਮਾਰ ਹੈ,ਕਿਉਂਕਿ ਅੰਮ੍ਰਿਤਪਾਲ ਸਿੰਘ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਗਿਆ ਹੈ। ਉਸ ਨੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾ ਲਈ ਸੀ।ਉਸ ਤੋਂ ਪਤਾ ਲੱਗਦਾ ਹੈ ਕਿ ਰੱਬ ਨਾ ਕਰੇ ਜੇ ਉਸ ਨਾਲ ਕੋਈ ਵੀ ਅਣਹੋਣੀ ਹੋ ਗਈ ਤਾਂ ਪੰਜਾਬ ਪਹਿਲਾਂ ਵਾਲਾ ਪੰਜਾਬ ਨਹੀਂ ਰਹੇਗਾ। ਬੇਚੈਨੀ, ਰੋਸ ਅਤੇ ਗੁੱਸੇ ਦੇ ਤੂਫ਼ਾਨ ਪੰਜਾਬ ਨੂੰ ਆਪਣੀ ਲਪੇਟ ਵਿਚ ਲੈ ਸਕਦੇ ਹਨ। ਬਾਹਰਲੇ ਦੇਸ਼ਾਂ ਵਿੱਚ ਵੀ ਅੰਮ੍ਰਿਤਪਾਲ ਦੇ ਲਖਾਂ ਸਮਰਥਕਾਂ ਦੀਆਂ ਨਜ਼ਰਾਂ ਪੰਜਾਬ ਵਿੱਚ ਲਗੀਆਂ ਹੋਈਆਂ ਹਨ।
ਏਨੀ ਪ੍ਰਸਿਧੀ,ਏਨਾ ਮਾਣ ਸਤਿਕਾਰ, ਏਨੀ ਚੇਤਨਾ ਦਾ ਪ੍ਰਵਾਹ,ਏਨੀ ਵੱਡੀ ਪੱਧਰ ਦੀ ਹਮਾਇਤ ਜਿਵੇਂ ਅੰਮ੍ਰਿਤਪਾਲ ਸਿੰਘ ਨੂੰ ਹਾਸਲ ਹੋਈ ਹੈ,ਉਸ ਨਾਲ ਇਸ ਚਮਤਕਾਰ ਤੋਂ ਹਰ ਕੋਈ ਖੁਸ਼ ਵੀ ਹੈ ਅਤੇ ਹੈਰਾਨ ਵੀ ਹੈ।ਉਹ ਪੰਜਾਬ ਲਈ ਇੱਕ ਵੱਡੀ ਉਮੀਦ ਦਾ ਪ੍ਰਤੀਕ ਬਣ ਚੁੱਕਾ ਹੈ।
ਪੰਜਾਬ ਵਿੱਚ ਹਰ ਸੂਝਵਾਨ ਵਿਅਕਤੀ ਨੂੰ ਤਾਂ ਛੱਡੋ, ਸਗੋਂ ਸਾਧਾਰਨ ਬੰਦਾ ਵੀ ਸਮਝ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਫਰਾਰ ਦਸਣ ਦਾ ਅਸਲ ਮਤਲਬ ਕੀ ਹੈ, ਕੀ ਇਰਾਦਾ ਹੈ ਅਤੇ ਯਕੀਨਨ ਇਸ ਪਿੱਛੇ ਸਰਕਾਰ ਦੀ ਕੋਈ ਡੂੰਘੀ ਸਾਜ਼ਿਸ਼ ਹੈ।
ਹਰ ਕੋਈ ਜਾਣਦਾ ਹੈ ਕਿ 80ਵਿਆਂ ਦੇ ਦੌਰ ਵਿਚ ਕਿਸੇ ਖਾੜਕੂ ਦੇ ਫਰਾਰ ਹੋਣ ਦਾ ਮਤਲਬ ਉਸ ਨੂੰ ਝੂਠਾ ਮੁਕਾਬਲਾ ਦਿਖਾ ਕੇ ਮਾਰ-ਮੁਕਾਉਣਾ ਹੀ ਸੀ। ਇਸ ਲਈ ਲੋਕਾਂ ਦੇ ਸ਼ੰਕੇ ਜਾਇਜ਼ ਹਨ ਕਿ ਜਿਵੇਂ ਪੁਲਿਸ ਉਸ ਨੂੰ ਫਰਾਰ ਦਸ ਰਹੀ ਹੈ,ਕਿਤੇ ਉਸ ਨਾਲ ਵੀ ਤਾਂ ਇਹੋ ਭਾਣਾ ਨਹੀਂ ਵਾਪਰੇਗਾ।
ਸਵਾਲਾਂ ਦਾ ਵੱਡਾ ਸਵਾਲ ਇਹ ਹੈ ਕਿ ਜੇਕਰ ਅੰਮ੍ਰਿਤਪਾਲ ਸਿੰਘ ਦੇ ਨਾਲ ਦੇ ਸਾਥੀਆਂ ਨੂੰ ਫੜ ਲਿਆ ਗਿਆ ਹੈ ਅਤੇ ਤਸਵੀਰਾਂ ਵੀ ਦਸ ਰਹੀਆਂ ਹਨ ਕਿ ਅੰਮ੍ਰਿਤਪਾਲ ਸਿੰਘ ਵੀ ਉਨ੍ਹਾਂ ਦੇ ਨਾਲ ਹੀ ਸੀ ਤਾਂ ਅਮ੍ਰਿਤਪਾਲ ਸਿੰਘ ਕਿਵੇਂ ਫਰਾਰ ਹੋ ਸਕਦਾ ਹੈ? ਇਸ ਲਈ ਸਮੁੱਚੇ ਪੰਜਾਬ ਦੇ ਲੋਕਾਂ ਨੇ ਪੁਲਿਸ ਅਤੇ ਸਰਕਾਰ ਨੂੰ ਸ਼ੱਕ ਦੇ ਘੇਰੇ ਵਿਚ ਰੱਖਿਆ ਹੋਇਆ ਹੈ।
ਪੰਜਾਬ ਵਿਚ ਹਰ ਮੈਦਾਨ ਅੰਦਰ “ਬਦਲਾਅ” ਦੇ ਨਾਅਰੇ ਨਾਲ ਸੱਤਾ ਵਿਚ ਆਈ “ਆਪ” ਸਰਕਾਰ ਹੁਣ ਇਸ ਸਵਾਲ ਦਾ ਸਾਹਮਣਾ ਕਰ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਸਰਕਾਰ ਨੇ ਏਨਾ ਵੱਡਾ ਡਰਾਮਾ ਕਿਉਂ ਰਚਿਆ? ਅੰਮ੍ਰਿਤਪਾਲ ਸਿੰਘ ਨੇ ਤਾਂ ਖੁਦ ਹੀ ਕਈ ਵਾਰ ਗ੍ਰਿਫਤਾਰੀ ਦੀ ਪੇਸ਼ਕਸ਼ ਕੀਤੀ ਸੀ,ਉਸ ਨੂੰ ਪਿੰਡ ਤੋਂ ਹੀ ਗਿਰਫ਼ਤਾਰ ਕੀਤਾ ਜਾ ਸਕਦਾ ਸੀ। ਉਸ ਨੂੰ ਕਿਸੇ ਪੁਲੀਸ ਅਫਸਰ ਰਾਹੀਂ ਜਾਂ ਕਿਸੇ ਵੀ ਪਤਵੰਤੇ ਸੱਜਣ ਰਾਹੀਂ ਗ੍ਰਿਫਤਾਰੀ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਸੀ। ਪਰ ਇਹ ਸਾਰੇ ਢੰਗ ਤਰੀਕੇ ਕਿਉਂ ਨਾ ਅਪਨਾਏ ਗਏ? ਕੀ ਭਗਵੰਤ ਮਾਨ ਨਿੱਜੀ ਤੌਰ ਤੇ ਗ੍ਰਿਫਤਾਰੀ ਬਾਰੇ ਕੋਈ ਵੱਖਰਾ ਵਿਚਾਰ ਰੱਖਦਾ ਸੀ? ਕੀ ਇਸ ਅਤਿ ਗੰਭੀਰ ਸਵਾਲ ਬਾਰੇ ਕੇਂਦਰ ਅਤੇ ਪੰਜਾਬ ਸਰਕਾਰ ਵਿਚ ਮੱਤਭੇਦ ਸਨ? ਕੀ ਅਜੀਤ ਡੋਵਾਲ ਸ਼ਤਰੰਜ ਦੀ ਇਸ ਖੇਡ ਵਿਚ ਮੋਹਰੀ ਰੋਲ ਅਦਾ ਕਰ ਰਿਹਾ ਸੀ ਅਤੇ ਆਖ਼ਰ ਉਸ ਦੀ ਹੀ ਜਿੱਤ ਹੋਈ? ਅਰਵਿੰਦ ਕੇਜਰੀਵਾਲ ਦੀ ਵੀ ਇਸ ਮੁਹਿੰਮ ਵਿਚ ਕੋਈ ਜ਼ਬਰਦਸਤ ਹਾਂ ਸੀ? ਇਹ ਸਵਾਲ ਤਾਂ ਹੁਣ ਪੁਛੇ ਹੀ ਜਾਣੇ ਹਨ।
ਮੈਂ ਜਦੋਂ ਅੰਮ੍ਰਿਤਪਾਲ ਸਿੰਘ ਦੀ ਮਹਾਨਤਾ ਅਤੇ ਮਹੱਤਤਾ ਦੇ ਰੋਲ ਦੀ ਗੱਲ ਕਰਦਾ ਹਾਂ ਤਾਂ ਉਸ ਦਾ ਇਕ ਖਾਸ ਕਾਰਨ ਇਹ ਵੀ ਹੈ ਕਿ ਉਸ ਦੇ ਪਿੱਛੇ ਸੰਤ ਜਰਨੈਲ ਸਿੰਘ ਖਲੋਤੇ ਹਨ,ਦੀਪ ਸਿ਼ਧੂ ਦੀਆਂ ਚਿਤਾਵਨੀਆਂ ਹਨ,ਸਿੱਧੂ ਮੂਸੇ ਵਾਲਾ ਖਲੋਤਾ ਹੈਂ ਜੋ ਸਿੱਧੇ ਰੂਪ ਵਿੱਚ ਆਪਣੇ ਇੱਕ ਗੀਤ ਰਾਹੀ ਬਲਵਿੰਦਰ ਜਟਾਣੇ ਦੇ ਆਉਣ ਬਾਰੇ ਚੇਤਾਵਨੀ ਦੇ ਰਿਹਾ ਹੈ। ਤੁਸੀਂ ਪੁਛ ਸਕਦੇ ਹੋ ਕਿ ਇਹ ਅੰਮ੍ਰਿਤਪਾਲ ਸਿੰਘ ਕੀ ਹੈ?ਉਹ ਇਸ ਸ਼ਾਨਾਮੱਤੇ ਇਤਿਹਾਸ ਦੀ ਲੜੀ ਵਿਚ ਨਵਾਂ ਮਹਿਮਾਨ ਆਇਆ ਹੈ ਜਿਸ ਨੇ ਅੰਮ੍ਰਿਤ ਦੇ ਪਵਿੱਤਰ ਸੰਕਲਪ ਵਿਚ ਇਕ ਨਵੀਂ ਤਾਜ਼ਗੀ ਭਰੀ ਹੈ,ਨਵੀਂ ਤਾਜ਼ਗੀ ਦਾ ਅਹਿਸਾਸ ਕਰਾਇਆ ਹੈ। ਪਰ ਭਾਰਤੀ ਸਟੇਟ ਨੇ ਤਰਕ ਅਤੇ ਜਜ਼ਬੇ ਦੇ ਕਿਸੇ ਉੱਚੇ-ਸੁੱਚੇ ਸੰਤੁਲਨ ਤੇ ਸੁਮੇਲ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਨਹੀਂ ਵੇਖਿਆ-ਐਨ ਜਿਵੇਂ ਇਸ ਨੇ ਨਾ ਤਾਂ ਸੰਤ ਜਰਨੈਲ ਸਿੰਘ ਨੂੰ ਵੇਖਿਆ ਅਤੇ ਨਾ ਹੀ ਭਾਰਤੀ ਸਟੇਟ ਦੀਪ ਸਿੱਧੂ ਨੂੰ ਵੇਖ ਸਕੀ।1995 ਵਿੱਚ ਜਦੋਂ ਜੁਝਾਰੂ ਲਹਿਰ ਆਪਣੇ ਪਤਨ ਵੱਲ ਵਧ ਰਹੀ ਸੀ ਤਾਂ ਮੈਂ ਚਾਰ ਵਰਤਾਰਿਆਂ ਦਾ ਗੰਭੀਰ ਵਿਸ਼ਲੇਸ਼ਣ ਕਰਨ ਦਾ ਯਤਨ ਕੀਤਾ ਸੀ ਜੋ ਭਾਈ ਹਰਸਿਮਰਨ ਸਿੰਘ ਦੀ ਕਿਤਾਬ “ਮਹਾਂ ਪੁਰਸ਼” ਦੀ ਲੰਮੀ ਭੂਮਿਕਾ ਵਿੱਚ ਪੇਸ਼ ਕੀਤਾ ਗਿਆ। 40 ਸਫਿਆਂ ਦੀ ਇਸ ਭੂਮਿਕਾ ਵਿਚ ਜਿਥੇ ਅਕਾਲੀ ਕਲਚਰ,ਸੰਤ ਜਰਨੈਲ ਸਿੰਘ,ਜੁਝਾਰੂ ਲਹਿਰ ਅਤੇ ਖਾਲਿਸਤਾਨ ਦੇ ਆਪਸੀ ਰਿਸ਼ਤਿਆਂ ‘ਤੇ ਭਰਪੂਰ ਬਹਿਸ ਕੀਤੀ, ਉਥੇ ਭਾਰਤੀ ਸਟੇਟ ਦੇ ਲੱਛਣਾਂ ਉੱਤੇ ਵੀ ਟਿੱਪਣੀਆਂ ਕੀਤੀਆਂ ਅਤੇ ਉਹ ਗੱਲਾਂ ਅੱਜ ਵੀ ਜਿਉਂ ਦੀ ਤਿਉਂ ਕਾਇਮ ਹਨ। ਭਾਰਤੀ ਸਟੇਟ ਉਤੇ ਰਾਜ ਕਰ ਰਹੀ ਬਹੁਗਿਣਤੀ ਵਾਲੀ ਕੌਮ ਕੋਲ ਰਾਜਨੀਤਕ ਸਿਆਣਪ, ਦਾਨਾਈ,ਦੂਰ-ਅੰਦੇਸ਼ੀ ਅਤੇ ਦਿਬ ਦ੍ਰਿਸ਼ਟੀ ਵਾਲੇ ਇਨਸਾਨ ਹੀ ਨਹੀਂ ਹਨ। ਹੁਣ ਉਹੋ ਭੂਮਿਕਾ ਭਾਈ ਹਰਸਿਮਰਨ ਸਿੰਘ ਨੇ ਆਪਣੀ ਚਰਚਿਤ ਪੁਸਤਕ “ਖਾਲਸਾ ਯੁਗ ਦੇ ਪੈਂਡੇ”ਵਿਚ ਮੁੜ ਦੁਹਰਾਈ ਹੈ।
ਮੈਂ,ਜਿਸ ਨੇ ਜੁਝਾਰੂ ਲਹਿਰ ਨੂੰ ਵੇਖਿਆ ਪਰਖਿਆ ਹੈ,ਜਿਵੇਂ ਸੰਤ ਜਰਨੈਲ ਸਿੰਘ ਨੂੰ ਮਿਲ ਕੇ ਨੇੜਿਓਂ ਹੋ ਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਅਤੇ ਜਿਵੇਂ ਦੀਪ ਸਿੱਧੂ ਨੂੰ ਜਾਣਿਆ ਹੈ,ਇਸ ਇਤਿਹਾਸਕ ਹਕੀਕਤ ਨੂੰ ਮੁੜ ਦੋਹਰਾਉਂਦਾ ਹਾਂ ਕਿ ਜੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਪੰਜਾਬ ਦੇ ਨੌਜਵਾਨਾਂ ਵਿਚ ਬੇਚੈਨੀ ਦੀ ਇਕ ਵੱਡੀ ਲਹਿਰ ਦੇਰ ਜਾਂ ਸਵੇਰ ਸ਼ੁਰੂ ਹੋਵੇਗੀ ਹੀ ਹੋਵੇਗੀ। ਜੇ ਉਸ ਨੂੰ ਗ੍ਰਿਫਤਾਰ ਕਰਕੇ ਕਿਸੇ ਬਾਹਰਲੀ ਸਟੇਟ ਵਿਚ ਭੇਜਿਆ ਜਾਂਦਾ ਹੈ ਤਾਂ ਇਹ ਜਵਾਨੀ ਭਾਵੇਂ ਖ਼ਾਮੋਸ਼ ਹੋ ਵੀ ਜਾਵੇ ਤਾਂ ਵੀ ਇਸ ਖਾਮੋਸ਼ੀ ਵਿਚ ਵੱਡੀ ਹਲਚਲ ਰਹੇਗੀ।ਜੇ ਉਸ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚੀ ਜਾਂਦੀ ਹੈ ਤਾਂ ਹੋਰ ਅੰਮ੍ਰਿਤਪਾਲ ਸਿੰਘ ਪੰਜਾਬ ਦੀ ਸਰਜ਼ਮੀਨ ਤੇ ਆਉਣਗੇ ਹੀ ਆਉਣਗੇ। ਅੰਤਰਰਾਸ਼ਟਰੀ ਪੱਧਰ ਉੱਤੇ ਵੀ ਇਸ ਘਟਨਾ ਦੇ ਦੂਰ ਦੂਰ ਤੱਕ ਅਸਰ ਹੋਣਗੇ।
ਭਾਰਤੀ ਸਟੇਟ ਕੋਲ ਜਾਣਕਾਰੀ ਦੇ ਸਹੀ ਅਤੇ ਨਿਰਪੱਖ ਵਸੀਲੇ ਹੀ ਨਹੀਂ ਹਨ ਅਤੇ ਇਥੋਂ ਦੀ ਇਲੀਟ ਜਮਾਤ ਕੋਲ਼ ਕਿਸੇ ਵੀ ਲਹਿਰ ਬਾਰੇ ਠੋਸ ਜਾਣਕਾਰੀ, ਸੰਤੁਲਿਤ ਸਮਝ ਅਤੇ ਜਗਿਆਸਾ ਨਹੀਂ ਜਿਸ ਨੂੰ ਪਾਰਦਰਸ਼ੀ ਕਿਹਾ ਜਾ ਸਕੇ। ਇਸ ਦਾ ਸਿੱਧਾ ਸਬੂਤ national channel ਦੇ ਰਹੇ ਹਨ ਜੋ ਅੰਮ੍ਰਿਤਪਾਲ ਸਿੰਘ ਦੀ ਸ਼ਖ਼ਸੀਅਤ ਬਾਰੇ ਹਾਸੋਹੀਣੇ ਤਰਕ ਤੇ ਸਤਈ ਕਿਸਮ ਦੇ ਵਿਸ਼ਲੇਸ਼ਣ ਕਰਕੇ ਆਪਣੀ ਅਕਲ ਅਤੇ ਗਿਆਨ ਦਾ ਖੁਦ ਹੀ ਮਜ਼ਾਕ ਉਡਾ ਰਹੇ ਹਨ। ਹਾਲ ਵਿਚ ਹੀ ਇਕ ਸੀਨੀਅਰ ਪੱਤਰਕਾਰ ਜਗਵਿੰਦਰ ਪਟਿਆਲ ਨੇ ਜਿਵੇਂ ਪੱਤਰਕਾਰਤਾ ਦੇ ਸਦਾਚਾਰਕ ਨਿਯਮਾਂ ਦੀ ਉਲੰਘਣਾ ਕਰਕੇ ਆਪਣੇ ਆਪ ਨੂੰ ਇਕ “ਦਰਬਾਰੀ ਪੱਤਰਕਾਰ”ਵਜੋਂ ਪੇਸ਼ ਕੀਤਾ ਹੈ,ਉਸ ਤੋਂ ਇਹ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਆਉਣ ਵਾਲੇ ਦਿਨ ਸਾਡੇ ਲਈ ਕਿਹੋ ਜਿਹੇ ਹੋਣਗੇ।
ਇੱਥੇ ਪੰਜਾਬ ਦੀ ਸਰਜ਼ਮੀਨ ‘ਤੇ ਤਾਰਿਆਂ ਨਾਲ ਗੱਲਾਂ ਕਰਨ ਵਾਲੇ ਅਤੇ ਚੰਨ ਸੂਰਜਾਂ ਨਾਲ ਕਿਲਕਲੀ ਪਾਉਣ ਵਾਲੇ ਮਹਾਨ ਸ਼ਾਇਰ ਪ੍ਰੋਫੈਸਰ ਪੂਰਨ ਸਿੰਘ ਵੱਲੋਂ ਸਿੱਖੀ ਦਰਦ ਵਿਚ ਲੁਕੀ ਰਾਜਸੀ ਰੀਝ ਨੂੰ ਪੇਸ਼ ਕੀਤਾ ਜਾਂਦਾ ਹੈ ਜੋ ਅੰਮ੍ਰਿਤਪਾਲ ਸਿੰਘ ਦੇ ਪ੍ਰਸੰਗ ਵਿੱਚ ਸਮੁੱਚੀ ਸਿੱਖ ਕੌਮ ਨੂੰ ਇਕੱਠੇ ਹੋਣ ਦਾ ਦਰਦਨਾਕ ਸੁਨੇਹਾ ਵੀ ਹੈ:
ਇਹ ਗਲੀ ਮਾਹੀ ਯਾਰ ਦੀ ਹਾਂ।
ਇਹ ਰਾਹ ਸਚੀ ਸਰਕਾਰ ਦੀ ਹਾਂ।
ਉਏ,
ਸਿਖ ਕਿਉਂ ਭੁਲਦੇ ਜਾਂਦੇ ਨੇ।
ਉਏ,
ਸਿੱਖ ਕਿਉਂ ਰੁਲਦੇ ਜਾਂਦੇ ਨੇ।

Leave a Reply

error: Content is protected !!