IPS ਅਧਿਕਾਰੀ ਸਵਪਨ ਸ਼ਰਮਾ ਜਲੰਧਰ ਰੇਂਜ ਦੇ DIG ਵਜੋਂ ਨਿਯੁਕਤ
ਜਲੰਧਰ : ਆਈ. ਪੀ. ਐੱਸ. ਅਧਿਕਾਰੀ ਸਵਪਨ ਸ਼ਰਮਾ ਨੂੰ ਪੰਜਾਬ ਸਰਕਾਰ ਵੱਲੋਂ ਜਲੰਧਰ ਰੇਂਜ ਦੇ ਡੀ. ਆਈ. ਜੀ. ਵਜੋਂ ਨਿਯੁਕਤ ਕੀਤਾ ਗਿਆ ਹੈ। ਡੀ. ਆਈ. ਜੀ. ਵਜੋਂ ਤਰੱਕੀ ਮਿਲਣ ਮਗਰੋਂ ਸਵਪਨ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਅਤੇ ਡੀ. ਜੀ. ਪੀ. ਗੌਰਵ ਯਾਦਵ ਦਾ ਧੰਨਵਾਦ ਕੀਤਾ ਹੈ। ਫੇਸਬੁੱਕ ‘ਤੇ ਪੋਸਟ ਪਾ ਕੇ ਸਵਪਨ ਸ਼ਰਮਾ ਨੇ ਕਿਹਾ ਕਿ ਡੀ. ਆਈ. ਜੀ. ਜਲੰਧਰ ਰੇਂਜ ਵਜੋਂ ਤਰੱਕੀ ਲਈ ਡੀ. ਜੀ. ਪੀ. ਗੌਰਵ ਯਾਦਵ ਜੀ ਅਤੇ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦੀ ਹਾਂ। ਪੰਜਾਬ ਦੀ ਅਮਨ, ਸ਼ਾਂਤੀ ਅਤੇ ਸੁਰੱਖਿਆ ਲਈ ਸਦਾ ਸਮਰਪਿਤ ਹਾਂ। ਇਹ ਸਫ਼ਲਤਾ ਮੇਰੀ ਨਹੀਂ, ਮੇਰੇ ਮਾਤਾ-ਪਿਤਾ ਅਤੇ ਪੰਜਾਬੀਆਂ ਦੀ ਹੈ।
ਜਾਣੋ ਕੌਣ ਹਨ ਆਈ.ਪੀ.ਐੱਸ. ਅਧਿਕਾਰੀ ਸਵਪਨ ਸ਼ਰਮਾ
ਆਈ. ਪੀ. ਐੱਸ. ਦੀ ਸਿਖਲਾਈ ਪੂਰੀ ਕਰਨ ਮਗਰੋਂ ਸਵਪਨ ਸ਼ਰਮਾ ਨੇ ਪੰਜਾਬ ਕੈਡਰ ਚੁਣਿਆ
ਸਵਪਨ ਸ਼ਰਮਾ ਦਾ ਜਨਮ 10 ਅਕਤੂਬਰ 1980 ਨੂੰ ਕਾਂਗੜਾ ਜ਼ਿਲ੍ਹੇ ਦੇ ਪਿੰਡ ਢੋਗ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਮਹੇਸ਼ ਚੰਦਰ ਸ਼ਰਮਾ ਫ਼ੌਜ ਵਿੱਚ ਕਰਨਲ ਸਨ। ਮਾਂ ਵੀਨਾ ਸ਼ਰਮਾ ਘਰੇਲੂ ਔਰਤ ਹਨ। ਬਠਿੰਡਾ ਦੇ ਗਿਆਨੀ ਜ਼ੈਲ ਸਿੰਘ ਕਾਲਜ ਆਫ਼ ਇੰਜੀਨੀਅਰਿੰਗ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਸਵਪਨ ਸ਼ਰਮਾ ਨੇ 2008 ਵਿੱਚ ਹਿਮਾਚਲ ਪ੍ਰਦੇਸ਼ ਪ੍ਰਸ਼ਾਸਨਿਕ ਸੇਵਾਵਾਂ ਦੀ ਪ੍ਰੀਖਿਆ ਪਾਸ ਕੀਤੀ। ਉਨ੍ਹਾਂ ਦੀ ਪਹਿਲੀ ਪੋਸਟਿੰਗ ਸ਼ਿਮਲਾ ਦੇ ਚੌਪਾਲ ਵਿੱਚ ਬਲਾਕ ਵਿਕਾਸ ਅਫ਼ਸਰ ਵਜੋਂ ਹੋਈ ਸੀ। ਸਵਪਨ ਸ਼ਰਮਾ ਨੇ ਹਿਮਾਚਲ ਵਿੱਚ 9 ਮਹੀਨੇ ਸਰਕਾਰੀ ਨੌਕਰੀ ਕਰਨ ਤੋਂ ਬਾਅਦ 2009 ਵਿੱਚ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ਪਾਸ ਕੀਤੀ ਸੀ। ਭਾਰਤੀ ਪੁਲਸ ਸੇਵਾ (ਆਈ. ਪੀ. ਐੱਸ.) ਦੀ ਸਿਖਲਾਈ ਪੂਰੀ ਕਰਨ ਮਗਰੋਂ ਸਵਪਨ ਸ਼ਰਮਾ ਨੇ ਪੰਜਾਬ ਕੈਡਰ ਦੀ ਚੋਣ ਕੀਤੀ। ਟ੍ਰੇਨਿੰਗ ਤੋਂ ਬਾਅਦ ਉਹ ਰਾਜਪੁਰਾ, ਲੁਧਿਆਣਾ ਅਤੇ ਹੋਰ ਕਈ ਸ਼ਹਿਰਾਂ ਵਿੱਚ ਤਾਇਨਾਤ ਰਹੇ। ਉਹ ਦਸ ਮਹੀਨੇ ਪੰਜਾਬ ਦੇ ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਵੀ ਰਹੇ।