ਕੈਨੇਡਾ : ਚੰਡੀਗੜ੍ਹ ਦੇ 23 ਸਾਲਾ ਵਿਦਿਆਰਥੀ ਦੀ ਮੌਤ
ਟੋਰਾਂਂਟੋ: ਕੈਨੇਡਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ 23 ਸਾਲਾ ਅੰਤਰਰਾਸ਼ਟਰੀ ਵਿਦਿਆਰਥੀ ਪਾਰਸ ਜੋਸ਼ੀ ਜੋ 23 ਫਰਵਰੀ, 2023 ਤੋਂ ਲਾਪਤਾ ਸੀ। ਉਸਦੀ ਲਾਸ਼ 19 ਮਾਰਚ, 2023 ਨੂੰ ਬਰੈਂਪਟਨ ਵਿੱਚ ਮਿਲੀ। ਰੀਜਨ ਆਫ਼ ਪੀਲ – 22 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਨੇ ਪੁਸ਼ਟੀ ਕੀਤੀ ਕਿ ਬਰੈਂਪਟਨ ਦੇ ਲਾਪਤਾ 23 ਸਾਲਾ ਵਿਦਿਆਰਥੀ ਨੂੰ ਲੱਭ ਲਿਆ ਗਿਆ ਹੈ। ਪਾਰਸ ਜੋਸ਼ੀ ਨੂੰ ਆਖਰੀ ਵਾਰ 23 ਫਰਵਰੀ, 2023 ਨੂੰ ਸ਼ਾਮ 4:30 ਵਜੇ, ਬਰੈਂਪਟਨ ਵਿੱਚ ਮੇਨ ਸਟਰੀਟ ਨਾਰਥ ਅਤੇ ਵਿਲੀਅਮਜ਼ ਪਾਰਕਵੇਅ ਨੇੜੇ ਦੇਖਿਆ ਗਿਆ ਸੀ।
ਪਾਰਸ ਦੇ ਚਚੇਰੇ ਭਰਾ ਰਜਤ ਜੋਸ਼ੀ ਨੇ ਪਰਵਾਸੀ ਮੀਡੀਆ ਸਮੂਹ ਨਾਲ ਇੱਕ ਵਿਸ਼ੇਸ਼ ਗੱਲਬਾਤ ਵਿੱਚ ਦੱਸਿਆ ਕਿ ਪਾਰਸ ਹੈਨਸਨ ਕਾਲਜ, ਬਰੈਂਪਟਨ ਵਿੱਚ ਬਿਜ਼ਨਸ ਦਾ ਵਿਦਿਆਰਥੀ ਸੀ। ਪਾਰਸ ਭਾਰਤ ਦੇ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਪਿਤਾ ਜ਼ਿਲ੍ਹੇ ਵਿੱਚ ਇੱਕ ਸਬ ਡਿਵੀਜ਼ਨ ਅਫਸਰ ਹਨ। ਰਜਤ ਨੇ ਦੱਸਿਆ ਕਿ ਉਸ ਨੂੰ ਸੋਮਵਾਰ ਸਵੇਰੇ ਪਾਰਸ ਦੀ ਮੌਤ ਬਾਰੇ ਸੂਚਿਤ ਕੀਤਾ ਗਿਆ, ਹਾਲਾਂਕਿ ਉਹ ਅਜੇ ਤੱਕ ਉਸ ਨੂੰ ਦੇਖ ਨਹੀਂ ਸਕਿਆ ਕਿਉਂਕਿ ਪੁਲਿਸ ਵੱਲੋਂ ਪਾਰਸ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਰਜਤ ਨੇ ਅੱਗੇ ਦੱਸਿਆ ਕਿ ਪਾਰਸ ਕਦੇ ਵੀ ਆਪਣੇ ਦੋਸਤਾਂ ਦੇ ਗਰੁੱਪ ਵਿੱਚ ਕਿਸੇ ਝਗੜੇ ਵਿੱਚ ਸ਼ਾਮਲ ਨਹੀਂ ਸੀ ਅਤੇ ਨਾ ਹੀ ਉਹ ਨਸ਼ਿਆਂ ਵਿੱਚ ਸ਼ਾਮਲ ਸੀ।
ਰਜਤ ਨੇ ਮਾਨਸਿਕ ਬਿਮਾਰੀ ਜਾਂ ਡਿਪਰੈਸ਼ਨ ਦੇ ਕਿਸੇ ਵੀ ਦਾਅਵੇ ਤੋਂ ਇਨਕਾਰ ਕੀਤਾ, ਕਿਉਂਕਿ ਉਸਦੀ ਮੌਤ ਦਾ ਕਾਰਨ ਅਜੇ ਤੱਕ ਸਪਸ਼ੱਟ ਨਹੀਂ ਹੈ। ਇਸ ਮਾਮਲੇ ਬਾਰੇ ਹੋਰ ਜਾਣਕਾਰੀ ਦੀ ਉਡੀਕ ਹੈ। ਜਿੱਥੇ ਪਾਰਸ ਮ੍ਰਿਤਕ ਪਾਇਆ ਗਿਆ ਉੱਥੇ ਆਸ-ਪਾਸ ਕੋਈ ਵੀ ਸ਼ੱਕੀ ਹਾਲਾਤ ਨਹੀਂ ਹਨ। ਫਿਲਹਾਲ ਪੁੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।