ਨੰਗਲ ਵਿਖੇ ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਦੋ ਧਿਰਾਂ ‘ਚ ਹੋਈ ਲੜਾਈ ਦੌਰਾਨ ਇਕ ਵਿਅਕਤੀ ਦਾ ਕਤਲ
ਨੰਗਲ : ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਆਪਸੀ ਲੜਾਈ ਨੇ ਖ਼ੂਨੀ ਰੂਪ ਧਾਰ ਲਿਆ। ਇਸ ਦੌਰਾਨ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਨੰਗਲ ਦੇ ਨਾਲ ਲਗਦੇ ਪਿੰਡ ਤਰਫ਼ ਮਜਾਰੀ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚ ਆਪਸੀ ਲੜਾਈ ਇੰਨੀ ਵਧ ਗਈ ਕਿ ਇਸ ਲੜਾਈ ਦੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਮਾਰੇ ਗਏ ਵਿਅਕਤੀ ਦੀ ਪਛਾਣ ਅਨਿਲ ਵਾਸੀ ਹਰਿਆਣਾ ਵਜੋਂ ਹੋਈ ਹੈ। ਪੁਲਸ ਦੀ ਮੰਨੀਏ ਤਾਂ ਉਨ੍ਹਾਂ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਬਾਕੀਆਂ ਦੀ ਤਲਾਸ਼ ਜਾਰੀ ਹੈ। ਨੰਗਲ ਦੇ ਡੀ. ਐੱਸ. ਪੀ. ਸਤੀਸ਼ ਕੁਮਾਰ ਨੇ ਕਿਹਾ ਕਿ ਇਹ ਸਾਰਾ ਮਾਮਲਾ ਜ਼ਮੀਨੀ ਵਿਵਾਦ ਨਾਲ ਜੁੜਿਆ ਹੋਇਆ ਹੈ।
ਦੋਸ਼ੀਆਂ ਵੱਲੋਂ ਅਨਿਲ ਅਤੇ ਉਸ ਦੇ ਸਾਥੀ ‘ਤੇ ਹਮਲਾ ਕੀਤਾ ਗਿਆ ਅਤੇ ਸਿਰ ਉੱਤੇ ਸੱਟ ਲੱਗਣ ਕਾਰਨ ਉਸ ਨੂੰ ਮੌਕੇ ‘ਤੇ ਸਿਵਲ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਵੱਲੋਂ 7 ਦੋਸ਼ੀਆਂ ਖ਼ਿਲਾਫ਼ 302,323,149/49 ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਿਨ੍ਹਾਂ ਵਿੱਚੋਂ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਦੋਵੇਂ ਧਿਰਾਂ ਮਾਈਨਿੰਗ ਦੇ ਕਾਰੋਬਾਰ ਅਤੇ ਨਾਲ ਜੁੜੀਆਂ ਹੋਈਆਂ ਦੱਸੀਆਂ ਜਾ ਰਹੀਆਂ ਹਨ।