ਜਲੰਧਰ ਦੇ ਰੂਰਲ CIA ਸਟਾਫ਼ ’ਚ ਰੱਖੇ ਗਏ ਸਨ ਅੰਮ੍ਰਿਤਪਾਲ ਦੇ 6 ਸਮਰਥਕ, ਨਹੀਂ ਲੱਗੀ ਕੋਈ ਭਿਣਕ
ਜਲੰਧਰ : ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ 6 ਕਰੀਬੀ ਸਮਰਥਕਾਂ ਨੂੰ ਰੂਰਲ ਪੁਲਸ ਨੇ ਸ਼ਾਹਕੋਟ ਥਾਣੇ ਤੋਂ ਸਿੱਧਾ ਜਲੰਧਰ ਰੂਰਲ ਸੀ. ਆਈ. ਏ. ਸਟਾਫ਼ ਵਿਖੇ ਲਿਆਂਦਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਉਕਤ ਸਾਰੇ 6 ਲੋਕਾਂ ਨੂੰ ਐੱਨ. ਐੱਸ. ਏ. ਸਮੇਤ ਹੋਰ ਧਾਰਾਵਾਂ ਅਧੀਨ ਨਾਮਜ਼ਦ ਕੀਤਾ ਗਿਆ ਸੀ, ਜਦਕਿ ਮੀਡੀਆ ਨੂੰ ਵੀ ਮੁਲਜ਼ਮਾਂ ਦੇ ਜਲੰਧਰ ’ਚ ਹੋਣ ਦੀ ਭਿਣਕ ਤੱਕ ਨਹੀਂ ਲੱਗਣ ਦਿੱਤੀ। ਕਮਿਸ਼ਨਰੇਟ ਪੁਲਸ ਸਮੇਤ ਰੂਰਲ ਪੁਲਸ ਸਾਂਝੇ ਤੌਰ ’ਤੇ ਸੀ. ਆਈ. ਏ. ਸਟਾਫ਼ ਰੂਰਲ ਦੇ ਆਸ-ਪਾਸ ਸੁਰੱਖਿਆ ਲਈ ਤਾਇਨਾਤ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਉਕਤ 6 ਮੁਲਜ਼ਮ ਲਗਭਗ ਡੇਢ ਦਿਨ ਤੱਕ ਜਲੰਧਰ ਵਿਚ ਰਹੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹੋਰ ਜਗ੍ਹਾ ਭੇਜ ਦਿੱਤਾ ਗਿਆ ਸੀ।
ਸੁਰੱਖਿਆ ਦੇ ਮੱਦੇਨਜ਼ਰ ਸੀ. ਆਈ. ਏ. ਸਟਾਫ਼ ਰੂਰਲ ਦੇ ਆਸ-ਪਾਸ ਬੁਲਟ ਪਰੂਫ ਜੈਕੇਟਾਂ ਪਹਿਨੇ ਜਲੰਧਰ ਦੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਸੀ। ਅਜਿਹੇ ਵਿਚ ਪੁਲਸ ਅਧਿਕਾਰੀਆਂ ਨੇ ਗੁਪਤ ਤਰੀਕੇ ਨਾਲ ਮੁਲਜ਼ਮਾਂ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਪੁਲਸ ਅਧਿਕਾਰੀਆਂ ਨੇ ਆਪਣੇ ਮੁਲਾਜ਼ਮਾਂ ਨੂੰ ਵੀ ਸਖ਼ਤ ਹਦਾਇਤਾਂ ਦਿੱਤੀਆਂ ਹੋਈਆਂ ਸਨ ਕਿ ਜੇਕਰ ਮੁਲਜ਼ਮਾਂ ਦੇ ਜਲੰਧਰ ਰੁਕੇ ਹੋਣ ਦੀ ਸੂਚਨਾ ਲੀਕ ਹੋਈ ਤਾਂ ਸਖ਼ਤ ਰਵੱਈਆ ਅਪਣਾਇਆ ਜਾਵੇਗਾ। ਸੂਤਰਾਂ ਨੇ ਦਾਅਵਾ ਕੀਤਾ ਕਿ ਜਲੰਧਰ ਲਿਆਂਦੇ ਗਏ ਅੰਮ੍ਰਿਤਪਾਲ ਸਿੰਘ 6 ਸਮਰਥਕਾਂ ਤੋਂ ਡੀ. ਆਈ. ਜੀ. ਸਵਪਨ ਸ਼ਰਮਾ ਅਤੇ ਸੀ. ਪੀ. ਕੁਲਦੀਪ ਸਿੰਘ ਚਾਹਲ ਨੇ ਕਾਫੀ ਸਮੇਂ ਤੱਕ ਪੁੱਛਗਿੱਛ ਵੀ ਕੀਤੀ ਪਰ ਕੋਈ ਅਧਿਕਾਰੀ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਰਿਹਾ।