ਫ਼ੁਟਕਲ

ਕਰਜ਼ੇ ਨੇ ਕੱਖੋਂ ਹੌਲਾ ਕੀਤਾ ਹੱਸਦਾ-ਵੱਸਦਾ ਪਰਿਵਾਰ, ਪਤੀ-ਪਤਨੀ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ

ਲਹਿਰਾਗਾਗਾ: ਸੰਗਰੂਰ ਦੇ ਹਲਕਾ ਲਹਿਰਾਗਾਗਾ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਕਰਜ਼ੇ ਤੋਂ ਪਰੇਸ਼ਾਨ ਪਤੀ-ਪਤਨੀ ਨੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕਾਂ ਦੀ ਪਛਾਣ ਰਘਵੀਰ ਸਿੰਘ ਉਰਫ਼ ਕਾਲਾ ਪੁੱਤਰ ਕਰਮ ਸਿੰਘ ਸਿੰਘ ਅਤੇ ਸੰਦੀਪ ਕੌਰ ਵਾਸੀ ਪਿੰਡ ਬਖੋਰਾ ਕਲਾਂ ਵਜੋਂ ਹੋਈ ਹੈ। ਇਸ ਸਬੰਧੀ ਗੱਲ ਕਰਦਿਆਂ ਮ੍ਰਿਤਕ ਰਘਵੀਰ ਸਿੰਘ ਦੇ ਭਰਾ ਸੁਖਦਰਸ਼ਨ ਸਿੰਘ ਨੇ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਉਸਦਾ ਵੱਡਾ ਭਰਾ ਆਪਣੀ ਪਤਨੀ, ਦੋ ਬੱਚਿਆਂ ਗੁਰਪ੍ਰੀਤ ਸਿੰਘ (8) ਅਤੇ ਰੋਮਾ ਕੌਰ (5) ਅਤੇ ਮਾਤਾ ਨਾਲ ਪਿੰਡ ਬਖੋਰਾ ਕਲਾਂ ਵਿਖੇ ਰਹਿ ਰਿਹਾ ਸੀ। ਉਸ ਵੱਲੋਂ ਕਰਜ਼ਾ ਚੁੱਕ ਕੇ ਮਕਾਨ ਲਿਆ ਗਿਆ ਸੀ ਅਤੇ ਮਿਹਨਤ-ਮਜ਼ਦੂਰੀ ਕਰਨ ਦੇ ਬਾਵਜੂਦ ਉਹ ਆਪਣੇ ਸਿਰੋਂ ਕਰਜ਼ਾ ਨਹੀਂ ਲਾ ਸਕਿਆ ਸੀ, ਜਿਸਦੇ ਚੱਲਦਿਆਂ ਦੋਵੇਂ ਪਤੀ-ਪਤਨੀ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿਣ ਲੱਗ ਗਏ ਸਨ।

ਸੁਖਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਦੋਹਾਂ ਪਤੀ-ਪਤਨੀ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨਾਲ ਕੋਈ ਹੱਲ ਨਹੀਂ ਨਿਕਲਿਆ। ਫਿਰ ਜਦੋਂ ਉਹ ਆਪਣੇ ਪਰਿਵਾਰ ਤੇ ਮਾਤਾ ਨਾਲ ਪਿੰਡ ਲਹਿਲ ਖੁਰਦ ਵਿਖੇ ਵਿਆਹ ਗਏ ਹੋਏ ਸਨ ਤਾਂ ਰਾਤ ਸਮੇਂ ਉਸਦੇ ਭਰਾ ਕਾਲਾ ਸਿੰਘ ਅਤੇ ਉਸ ਦੀ ਪਤਨੀ ਸੰਦੀਪ ਕੌਰ ਨੇ ਡੰਗਰਾਂ ਵਾਲੇ ਬਰਾਂਡੇ ਵਿੱਚ ਛੱਤ ਦੇ ਗਾਡਰ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਅਤੇ ਕਾਨੂੰਨੀ ਕਾਰਵਾਈ ਕਰਦਿਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤਾ। ਦੂਜੇ ਪਾਸੇ ਪਿੰਡ ਦੇ ਸਰਪੰਚ ਅਤੇ ਹੋਰਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਗਰੀਬ ਪੀੜਤ ਪਰਿਵਾਰ ਦਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਤੇ ਬੱਚਿਆਂ ਦੀ ਪਾਲਣ-ਪੋਸ਼ਣ ਲਈ ਯੋਗ ਮੁਆਵਜ਼ਾ ਦਿੱਤਾ ਜਾਵੇ।

ਇਸ ਖ਼ਬਰ ਬਾਰੇ ਕੁਮੈਂਟ ਕਰੋ-